ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਬਾਰ ਅਤੇ ਰੈਸਟੋਰੈਂਟ ‘ਤੇ ਛਾਪੇਮਾਰੀ, ਕੱਟੇ ਚਲਾਨ
ਮੁਹਾਲੀ ਜ਼ਿਲ੍ਹੇ ਵਿੱਚ ਆਬਕਾਰੀ ਵਿਭਾਗ ਨੇ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਪਿਲਾਉਣ ‘ਤੇ ਪਾਬੰਦੀ ਲਗਾਉਣ ਲਈ ਇੱਕ ਮੁਹਿੰਮ ਚਲਾਈ ਹੈ। ਇਸ ਕਾਰਵਾਈ ਤਹਿਤ ਮੁਹਾਲੀ ਅਤੇ ਜ਼ੀਰਕਪੁਰ ਦੇ ਕਈ ਬਾਰਾਂ ਅਤੇ ਕਲੱਬਾਂ ਵਿੱਚ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਤਿੰਨ ਬਾਰਾਂ ਦੇ ਚਲਾਨ ਕੱਟੇ ਗਏ।
ਇਹ ਵੀ ਪੜ੍ਹੋ- ਪਸ਼ੂਆਂ ਦੀਆਂ ਦੋ ਬਿਮਾਰੀਆਂ ਨੂੰ ਲੈ ਕੇ ਸਰਕਾਰ ਸੁਚੇਤ, ਮੈਗਾ ਟੀਕਾਕਰਨ ਯੋਜਨਾ ਤਿਆਰ
ਸਹਾਇਕ ਕਮਿਸ਼ਨਰ (ਆਬਕਾਰੀ) ਅਸ਼ੋਕ ਕਲਹੋਤਰਾ ਨੇ ਦੱਸਿਆ ਕਿ ਵਧੀਕ ਮੁੱਖ ਸਕੱਤਰ ਆਬਕਾਰੀ ਵਿਭਾਗ ਪੰਜਾਬ ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਵਰੁਣ ਰੂਜਮ ਦੀਆਂ ਹਦਾਇਤਾਂ ਅਨੁਸਾਰ ਇਹ ਵਿਸ਼ੇਸ਼ ਮੁਹਿੰਮ ਪਿਛਲੇ ਦੋ ਦਿਨਾਂ ਤੋਂ ਚਲਾਈ ਜਾ ਰਹੀ ਹੈ। ਪੰਜਾਬ ਆਬਕਾਰੀ ਐਕਟ 1914 ਅਤੇ ਪੰਜਾਬ ਨਸ਼ਾ ਲਾਈਸੈਂਸ ਅਤੇ ਸੇਲ ਆਰਡਰ 1956 ਦੇ ਤਹਿਤ, 25 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸ਼ਰਾਬ ਦੀ ਵਿਕਰੀ ਅਤੇ ਪਰੋਸਣਾ ਇੱਕ ਸਜ਼ਾਯੋਗ ਅਪਰਾਧ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਨਿਯਮਾਂ ਦੀ ਪਾਲਣਾ ਕਰਨਾ ਹੀ ਮਸਲਾ ਨਹੀਂ ਹੈ, ਸਗੋਂ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਘੱਟ ਉਮਰ ਦੇ ਸ਼ਰਾਬ ਪੀਣ ਦੇ ਰੁਝਾਨ ਨੂੰ ਕਾਬੂ ਕਰੇ।
ਤਿੰਨ ਮੌਕਿਆਂ ‘ਤੇ ਕਾਰਵਾਈ
ਬੀਤੀ ਰਾਤ ਕੀਤੀ ਗਈ ਛਾਪੇਮਾਰੀ ਦੌਰਾਨ ਆਬਕਾਰੀ ਵਿਭਾਗ ਦੀ ਟੀਮ ਨੇ ਸੈਕਟਰ-79 ਮੁਹਾਲੀ ਅਤੇ ਜ਼ੀਰਕਪੁਰ ਵਿੱਚ ਵੱਖ-ਵੱਖ ਬਾਰਾਂ ਅਤੇ ਕਲੱਬਾਂ ਦੀ ਚੈਕਿੰਗ ਕੀਤੀ। ਇਸ ਦੌਰਾਨ 25 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਸਵਾਗਤ ਰੈਸਟੋਰੈਂਟ ਬਾਰ, ਸੈਕਟਰ-79 ਦੇ ਕਟਾਣੀ ਰੈਸਟੋਰੈਂਟ ਬਾਰ ਅਤੇ ਜ਼ੀਰਕਪੁਰ ਦੇ ਡੇਲੀਸ਼ੀਅਸ ਫੂਡ (ਰੋਮੀਓ-ਲੇਨ) ਵਿੱਚ ਸ਼ਰਾਬ ਪਰੋਸਦੇ ਪਾਏ ਗਏ। ਇਨ੍ਹਾਂ ਬਾਰਾਂ ਦੇ ਪੰਜਾਬ ਆਬਕਾਰੀ ਐਕਟ ਦੇ ਆਰਡਰ 17(8) ਅਤੇ ਪੰਜਾਬ ਨਸ਼ਾ ਲਾਇਸੈਂਸ ਅਤੇ ਸੇਲ ਆਰਡਰ 1956 ਦੀ ਉਪ ਧਾਰਾ 29 ਤਹਿਤ ਚਲਾਨ ਕੀਤੇ ਗਏ ਹਨ।
ਲਾਇਸੰਸ ਮੁਅੱਤਲ ਅਤੇ ਜੁਰਮਾਨੇ
ਅਸ਼ੋਕ ਕਲਹੋਤਰਾ ਨੇ ਦੱਸਿਆ ਕਿ ਤਿੰਨ ਬਾਰਾਂ ਦੇ ਲਾਇਸੈਂਸ ਸੱਤ ਦਿਨਾਂ ਲਈ ਮੁਅੱਤਲ ਕੀਤੇ ਗਏ ਹਨ, ਜਦਕਿ ਬਾਕੀ ਬਾਰਾਂ ਨੂੰ 1.35 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਸਹਾਇਕ ਕਮਿਸ਼ਨਰ ਅਸ਼ੋਕ ਕਲਹੋਤਰਾ ਨੇ ਸਾਰੇ ਸ਼ਰਾਬ ਵਿਕਰੇਤਾਵਾਂ ਅਤੇ ਬਾਰ ਮਾਲਕਾਂ ਨੂੰ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਪਰੋਸਣ ਵਿਰੁੱਧ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।