2 ਆਸਕਰ ਜੇਤੂ ਇਸ ਦਿੱਗਜ ਅਦਾਕਾਰ ਦੀ ਸ਼ੱਕੀ ਹਾਲਾਤਾਂ ‘ਚ ਮੌ.ਤ, ਪਤਨੀ ਅਤੇ ਕੁੱਤੇ ਦੀਆਂ ਵੀ ਮਿਲੀਆਂ ਲਾ/ਸ਼ਾਂ
ਹਾਲੀਵੁੱਡ ਦੇ ਦਿੱਗਜ ਅਦਾਕਾਰ 2 ਆਸਕਰ ਜੇਤੂ ਅਤੇ 4 ਗੋਲਡਨ ਗਲੋਬ ਜੇਤੂ ਅਦਾਕਾਰ ਜੀਨ ਹੈਕਮੈਨ ਘਰ ਵਿੱਚ ਮ੍ਰਿਤਕ ਮਿਲੇ ਹਨ। ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦਾ ਕੁੱਤਾ ਵੀ ਨਿਊ ਮੈਕਸੀਕੋ ਦੇ ਸਾਂਤਾ ਫੇ ਵਿੱਚ ਸਥਿਤ ਘਰ ਵਿੱਚ ਮ੍ਰਿਤਕ ਪਾਏ ਗਏ ਹਨ। ਉਨ੍ਹਾਂ ਦੀ ਪਤਨੀ ਬੇਟਸੀ 63 ਸਾਲਾਂ ਦੀ ਸੀ। ਦਿੱਗਜ ਅਦਾਕਾਰ ਦੀ ਮੌਤ ਕਿਵੇਂ ਹੋਈ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੁਨੀਆ ਭਰ ਦੇ ਪ੍ਰਸ਼ੰਸਕਾਂ ਅਤੇ ਫਿਲਮ ਇੰਡਸਟਰੀ ਨੇ ਅਭਿਨੇਤਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।
ਅਨਿਲ ਕਪੂਰ ਨੇ ਵੀ ਜਤਾਇਆ ਦੁੱਖ
ਦੱਸ ਦਈਏ ਕਿ ਹੈਕਮੈਨ ਨੇ ਵਿਲੀਅਮ ਫ੍ਰੀਡਕਿਨ ਦੀ ਥ੍ਰਿਲਰ ਦ ਫ੍ਰੈਂਚ ਕਨੈਕਸ਼ਨ (1971) ਵਿੱਚ ਜਿੰਮੀ ‘ਪੋਪੀ’ ਡੋਇਲ ਦੀ ਭੂਮਿਕਾ ਲਈ ਸਰਵੋਤਮ ਅਦਾਕਾਰ ਲਈ ਆਸਕਰ ਜਿੱਤਿਆ ਸੀ। ਉਨ੍ਹਾਂ ਨੇ 1992 ਵਿੱਚ ਕਲਿੰਟ ਈਸਟਵੁੱਡ ਦੀ ਪੱਛਮੀ ਫਿਲਮ ਅਨਫੋਰਗਿਵਨ ਵਿੱਚ ਲਿਟਲ ਬਿਲ ਡੈਗੇਟ ਦੀ ਭੂਮਿਕਾ ਲਈ ਸਰਬੋਤਮ ਸਹਾਇਕ ਅਦਾਕਾਰ ਲਈ ਵੀ ਆਸਕਰ ਜਿੱਤਿਆ ਸੀ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨਿਲ ਕਪੂਰ ਨੇ ਵੀ ਐਕਸ ਅਕਾਉਂਟ ‘ਤੇ ਮਰਹੂਮ ਐਕਟਰ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਦੁੱਖ ਪ੍ਰਗਟ ਕੀਤਾ।