ਅਦਾਕਾਰ ਸਲਮਾਨ ਖਾਨ ਤੇ ਉਨ੍ਹਾਂ ਦੇ ਪਿਤਾ ਨੂੰ ਧਮਕੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਇਸ ਦੇ ਨਾਲ ਹੀ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਅੱਜ ਸਲਮਾਨ ਦੇ ਘਰ ‘ਗੈਲੇਕਸੀ ਅਪਾਰਟਮੈਂਟ’ ਪਹੁੰਚੀ ਹੈ।
ਇਸ ਤੋਂ ਇਕ ਦਿਨ ਪਹਿਲਾਂ 5 ਜੂਨ ਨੂੰ ਸਲਮਾਨ ਅਤੇ ਸਲੀਮ ਖਾਨ ਨੂੰ ਧਮਕੀ ਭਰਿਆ ਪੱਤਰ ਮਿਲਿਆ ਸੀ। ਇਸ ਮਾਮਲੇ ‘ਚ ਬਾਂਦਰਾ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ। ਇਹ ਪੱਤਰ ਸਲੀਮ ਖਾਨ ਦੇ ਗਾਰਡ ਨੂੰ ਬਾਂਦਰਾ ਦੇ ਬੈਂਡਸਟੈਂਡ ਪ੍ਰੋਮੇਨੇਡ ‘ਤੇ ਉਸ ਜਗ੍ਹਾ ‘ਤੇ ਮਿਲਿਆ ਜਿੱਥੇ ਸਲੀਮ ਸਵੇਰ ਦੀ ਸੈਰ ਤੋਂ ਬਾਅਦ ਬੈਠਦੇ ਹਨ । ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਅਤੇ ਸਲੀਮ ਖਾਨ ਨੂੰ ਚਿੱਠੀ ‘ਚ ਧਮਕੀ ਦਿੱਤੀ ਗਈ ਹੈ ਕਿ ਉਨ੍ਹਾਂ ਦੀ ਹਾਲਤ ਸਿੱਧੂ ਮੂਸੇਵਾਲਾ ਵਰਗੀ ਕਰ ਦਿੱਤੀ ਜਾਵੇਗੀ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੁੰਬਈ ਪੁਲਿਸ ਨੇ ਪਿਛਲੇ ਦਿਨੀਂ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਸੀ। ਅਸਲ ‘ਚ ਮੂਸੇਵਾਲਾ ਦੇ ਕਤਲ ‘ਚ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਨਾਂ ਆਇਆ ਸੀ। ਉਸਨੇ ਕੁੱਝ ਸਾਲ ਪਹਿਲਾਂ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਦੇ ਮੱਦੇਨਜ਼ਰ ਮੁੰਬਈ ਪੁਲਿਸ ਨੇ ਸਲਮਾਨ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਸੀ।
ਹੁਣ ਸਲਮਾਨ ਦੇ ਨਾਲ ਉਨ੍ਹਾਂ ਦੇ ਨਿੱਜੀ ਸੁਰੱਖਿਆ ਗਾਰਡ ਦੇ ਨਾਲ-ਨਾਲ ਮੁੰਬਈ ਪੁਲਿਸ ਦੇ ਕੁਝ ਸਿਪਾਹੀ ਵੀ ਹੋਣਗੇ। ਮੁੰਬਈ ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ, ”ਅਸੀਂ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਉਸ ਦੇ ਅਪਾਰਟਮੈਂਟ ਦੇ ਆਲੇ-ਦੁਆਲੇ ਮੌਜੂਦ ਰਹੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਗਰੋਹ ਕਿਸੇ ਵੀ ਤਰ੍ਹਾਂ ਦੀ ਹਰਕਤ ਵਿੱਚ ਸ਼ਾਮਲ ਨਾ ਹੋਵੇ।
ਲਾਰੇਂਸ ਬਿਸ਼ਨੋਈ ਨੇ ਕਥਿਤ ਤੌਰ ‘ਤੇ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਬਿਸ਼ਨੋਈ ਭਾਈਚਾਰਾ ਕਾਲੇ ਹਿਰਨ ਨੂੰ ਪਵਿੱਤਰ ਮੰਨਦਾ ਹੈ, ਇਸ ਲਈ ਲਾਰੇਂਸ ਨੇ ਇਸ ਦੇ ਸ਼ਿਕਾਰ ਦੇ ਦੋਸ਼ੀ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ।