ਬਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਮਨੋਜ ਕੁਮਾਰ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ 87 ਸਾਲ ਦੇ ਸਨ। ਉਨ੍ਹਾਂ ਨੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਆਖਰੀ ਸਾਹ ਲਏ। ਇਸ ਖਬਰ ਤੋਂ ਬਾਅਦ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਅੰਤਿਮ ਦਰਸ਼ਨ ਵਿਸ਼ਾਲ ਟਾਵਰ, ਜੁਹੂ ਵਿਖੇ ਦੁਪਹਿਰ ਬਾਅਦ ਕੀਤੇ ਜਾ ਸਕਣਗੇ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਸਵੇਰੇ ਪਵਨ ਹੰਸ ਸ਼ਮਸ਼ਾਨਘਾਟ, ਜੁਹੂ ਵਿਖੇ ਕੀਤਾ ਜਾਵੇਗਾ।
ਦੱਸ ਦਈਏ ਕਿ ਉਹ ਆਪਣੀਆਂ ਦੇਸ਼ ਭਗਤੀ ਫਿਲਮਾਂ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੂੰ ਦੇਸ਼ ਭਗਤੀ ਦੀਆਂ ਫਿਲਮਾਂ ਲਈ ‘ਭਾਰਤ ਕੁਮਾਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਭਾਰਤੀ ਸਿਨੇਮਾ ਵਿੱਚ ਮਨੋਜ ਕੁਮਾਰ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੂੰ ਕਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕੋਲ ਵੱਖ-ਵੱਖ ਸ਼੍ਰੇਣੀਆਂ ਵਿੱਚ ਇੱਕ ਰਾਸ਼ਟਰੀ ਫਿਲਮ ਅਵਾਰਡ ਅਤੇ ਸੱਤ ਫਿਲਮਫੇਅਰ ਅਵਾਰਡ ਹਨ। ਭਾਰਤੀ ਕਲਾ ਵਿੱਚ ਉਨ੍ਹਾਂ ਦੇ ਅਥਾਹ ਯੋਗਦਾਨ ਦੇ ਸਨਮਾਨ ਵਿੱਚ, ਸਰਕਾਰ ਨੇ ਉਨ੍ਹਾਂ ਨੂੰ 1992 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੂੰ 2015 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਪਕਾਰ, ਪੂਰਬ-ਪੱਛਮ, ਕ੍ਰਾਂਤੀ, ਰੋਟੀ-ਕੱਪੜਾ ਅਤੇ ਮੱਕਾਨ ਉਨ੍ਹਾਂ ਦੀਆਂ ਬਹੁਤ ਸਫਲ ਫਿਲਮਾਂ ਸਨ।