ਪੰਜਾਬੀ ਗਾਇਕ ਅਮਰਿੰਦਰ ਗਿੱਲ ਅਜਿਹੇ ਕਲਾਕਾਰ ਜਿਨ੍ਹਾਂ ਦੀ ਗਾਇਕੀ ਨੂੰ ਸਰੋਤਿਆਂ ਵਲੋਂ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਫੈਨਜ਼ ਬਹੁਤ ਹੀ ਬੇਸਬਰੀ ਦੇ ਨਾਲ ਉਨ੍ਹਾਂ ਦੇ ਗੀਤਾਂ ਅਤੇ ਫ਼ਿਲਮਾਂ ਦੀ ਉਡੀਕ ਕਰਦੇ ਰਹਿੰਦੇ ਹਨ। ਅਮਰਿੰਦਰ ਗਿੱਲ ਦੇ ਫੈਨਸ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਲੰਬੇ ਸਮੇਂ ਤੋਂ ਇੰਤਜ਼ਾਰ ਕੀਤੀ ਜਾਣ ਵਾਲੀ ਪੰਜਾਬੀ ਫਿਲਮ ‘ਛੱਲਾ ਮੁੜਕੇ ਨਹੀਂ ਆਇਆ’ ਦਾ ਟ੍ਰੇਲਰ ਆਖਰਕਾਰ ਰਿਲੀਜ਼ ਹੋ ਗਿਆ ਹੈ। ਫਿਲਮ ਦੇ ਟ੍ਰੇਲਰ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਅਮਰਿੰਦਰ ਗਿੱਲ ਦੀ ਇਹ ਫਿਲਮ ਵੀ ਬਹੁਤ ਵਧੀਆ ਹੋਵੇਗੀ।
ਇਸ ਫਿਲਮ ਦੀ ਸਕ੍ਰਿਪਟ ਅੰਬਰਦੀਪ ਸਿੰਘ ਨੇ ਲਿਖੀ ਹੈ। ਅੰਬਰਦੀਪ ਇੰਡਸਟਰੀ ਦੇ ਸਭ ਤੋਂ ਪ੍ਰਤਿਭਾਸ਼ਾਲੀ ਲੇਖਕਾਂ ਚੋਂ ਇੱਕ ਹੈ ਤੇ ਉਨ੍ਹਾਂ ਦੀ ਕਲਮ ਨੇ ਹਮੇਸ਼ਾ ਸ਼ਾਨਦਾਰ ਕਹਾਣੀਆਂ ਲੋਕਾਂ ਸਾਹਮਣੇ ਪੇਸ਼ ਕੀਤੀਆਂ ਹਨ। ਦੱਸ ਦਈਏ ਕਿ 2 ਮਿੰਟ 42 ਸਕਿੰਟ ਦਾ ਟ੍ਰੇਲਰ ਦਰਸ਼ਕਾਂ ਨੂੰ ਵੀਡੀਓ ਦੇ ਨਾਲ ਜੋੜ ਕੇ ਰੱਖਦਾ ਹੈ। ਟ੍ਰੇਲਰ ‘ਚ ਅਮਰਿੰਦਰ ਗਿੱਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ, ਕਰਮਜੀਤ ਅਨਮੋਲ, ਰਾਜ ਕਾਕੜਾ ਅਤੇ ਕਈ ਹੋਰ ਕਲਾਕਾਰ ਨਜ਼ਰ ਆ ਰਹੇ ਹਨ। ਇਹ ਫ਼ਿਲਮ ਜੋ ਕਿ ਪੁਰਾਣੇ ਪੰਜਾਬ ਦੇ ਸਮੇਂ ਦੇ ਹਾਲਾਤਾਂ ਨੂੰ ਬਿਆਨ ਕਰਦੀ ਹੈ।
ਇਸਦੇ ਨਾਲ ਹੀ ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਅਮਰਿੰਦਰ ਗਿੱਲ ਜੋ ਕਿ ਕੱਚੇ ਘਰ ਦੀ ਛੱਤ ਅਤੇ ਆਪਣੇ ਘਰ ਦੇ ਹਾਲਾਤਾਂ ਨੂੰ ਸਹੀ ਕਰਨ ਦੇ ਲਈ ਵਿਦੇਸ਼ਾਂ ਵੱਲ ਦਾ ਰੁਖ ਕਰਦਾ ਹੈ। ਜਦੋਂ ਉਹ ਵਿਦੇਸ਼ ਪਹੁੰਚਦਾ ਹੈ ਤਾਂ ਉੱਥੇ ਦੇ ਹਾਲਾਤਾਂ ਨੂੰ ਦਿਖਾਇਆ ਹੈ ਕਿ ਕਿਵੇਂ ਉਸ ਸਮੇਂ ਵੀ ਅੰਗਰੇਜ਼ਾਂ ਵੱਲੋਂ ਪੰਜਾਬੀਆਂ ਦੇ ਨਾਲ ਧੱਕਾ ਹੁੰਦਾ ਸੀ। ਟ੍ਰੇਲਰ ਦੀ ਸ਼ੁਰੂਆਤ ਕਾਮੇਡੀ ਤੋਂ ਹੁੰਦੀ ਹੈ ਜੋ ਕਿ ਅੱਗੇ ਜਾ ਕੇ ਦਿਲ ਨੂੰ ਛੂਹ ਜਾਣ ਵਾਲੇ ਜਜ਼ਬਾਤਾਂ ‘ਚ ਬਦਲ ਜਾਂਦੀ ਹੈ।
ਜੇ ਗੱਲ ਕਰੀਏ ਫ਼ਿਲਮ ਦੇ ਡਾਇਲਾਗਸ ਦੀ ਤਾਂ ਉਹ ਕਮਾਲ ਦੇ ਨੇ ਜੋ ਕਿ ਤੁਹਾਨੂੰ ਭਾਵੁਕ ਕਰ ਦੇਣਗੇ। ਟ੍ਰੇਲਰ ‘ਚ ਪੰਜਾਬੀ ਪੇਂਡੂ ਸੱਭਿਆਚਾਰ ਵੀ ਦੇਖਣ ਨੂੰ ਮਿਲ ਰਿਹਾ ਹੈ, ਕੱਚੇ ਮਿੱਟੀ ਵਾਲੇ ਘਰ, ਸਾਦੇ ਲੋਕ, ਸਾਦੇ ਪਹਿਰਾਵੇ ਆਦਿ। ਮਨੋਰੰਜਨ ਦੇ ਨਾਲ ਭਰਿਆ ਇਹ ਟ੍ਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਦੱਸ ਦਈਏ ਇਸ ਫ਼ਿਲਮ ਦੇ ਨਾਲ ਅਮਰਿੰਦਰ ਗਿੱਲ ਜੋ ਕਿ ਡਾਇਰੈਕਸ਼ਨ ‘ਚ ਵੀ ਕਦਮ ਰੱਖਣ ਜਾ ਰਹੇ ਹਨ। ਅਮਰਿੰਦਰ ਗਿੱਲ ਜਿਨ੍ਹਾਂ ਨੇ ਗਾਇਕੀ ਦੇ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ, ਇਸ ਤੋਂ ਬਾਅਦ ਉਹ ਅਦਾਕਾਰੀ ‘ਚ ਆਏ ਤੇ ਹੁਣ ਨਿਰਦੇਸ਼ਨ ‘ਚ ਆਪਣੇ ਹੱਥ ਅਜਮਾਉਣ ਜਾ ਰਹੇ ਹਨ। ਇਹ ਫ਼ਿਲਮ 29 ਜੁਲਾਈ ਨੂੰ ਰਿਲੀਜ਼ ਹੋ ਜਾ ਰਹੀ ਹੈ।