ਟੀਵੀ ਇੰਡਸਟਰੀ ਦੇ ਮਸ਼ਹੂਰ ਐਕਟਰ ਕਰਨਵੀਰ ਬੋਹਰਾ ਤੇ ਉਨ੍ਹਾਂ ਦੀ ਪਤਨੀ ਤਜਿੰਦਰ ਸਿੱਧੂ ਯਾਨੀ ਟੀਜੇ ਸਿੱਧੂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅਦਾਕਾਰ ਨੇ 40 ਸਾਲਾ ਔਰਤ ਤੋਂ 1.99 ਕਰੋੜ ਰੁਪਏ ਲਏ ਸਨ ਅਤੇ 2.5 ਫੀਸਦੀ ਵਿਆਜ ‘ਤੇ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਪਰ ਅਦਾਕਾਰ ਨੇ ਹੁਣ ਤੱਕ ਸਿਰਫ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਵਾਪਸ ਕੀਤੀ ਹੈ।
ਇਸ ਦੌਰਾਨ ਔਰਤ ਨੇ ਦੋਸ਼ ਲਾਇਆ ਹੈ ਕਿ ਜਦੋਂ ਉਸ ਨੇ ਰਕਮ ਮੰਗੀ ਤਾਂ ਬੋਹਰਾ ਅਤੇ ਉਸ ਦੀ ਪਤਨੀ ਤਜਿੰਦਰ ਸਿੱਧੂ ਨੇ ਸਹੀ ਜਵਾਬ ਨਹੀਂ ਦਿੱਤਾ ਅਤੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਅਦਾਕਾਰ ਮਨੋਜ ਬੋਹਰਾ ਉਰਫ ਕਰਨਵੀਰ ਬੋਹਰਾ ਸਮੇਤ 6 ਲੋਕਾਂ ਖਿਲਾਫ ਧੋਖਾਧੜੀ ਦੇ ਦੋਸ਼ ‘ਚ ਐੱਫ.ਆਈ.ਆਰ. ਦਰਜ ਕਰ ਲਈ ਹੈ। ਓਸ਼ੀਵਾਰਾ ਪੁਲਸ ਸਟੇਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਜਲਦ ਹੀ ਸਾਰੇ ਦੋਸ਼ੀਆਂ ਦੇ ਬਿਆਨ ਦਰਜ ਕਰਨਗੇ।
ਬੋਹਰਾ ਨੇ ਹਾਲ ਹੀ ‘ਚ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ਲਾਕਅੱਪ ‘ਚ ਖੁਲਾਸਾ ਕੀਤਾ ਸੀ ਕਿ ਉਹ ਸਿਰ ਤੋਂ ਪੈਰਾਂ ਤੱਕ ਕਰਜ਼ੇ ‘ਚ ਡੁੱਬੇ ਹੋਏ ਹਨ। ਉਨ੍ਹਾਂ ਨੇ ਇਹ ਵੀ ਕਬੂਲ ਕੀਤਾ ਸੀ ਕਿ ਉਨ੍ਹਾਂ ਦੇ ਖਿਲਾਫ ਕਈ ਮਾਮਲੇ ਪੈਂਡਿੰਗ ਹਨ। ਕਰਨਵੀਰ ਬੋਹਰਾ ਨੇ ਰੋਂਦੇ ਹੋਏ ਦੱਸਿਆ ਕਿ ‘ਮੈਂ ਕਰਜ਼ਾਈ ਹਾਂ। ਮੈਂ ਪੂਰੀ ਤਰ੍ਹਾਂ ਗੁਆਚ ਗਿਆ ਹਾਂ। ਮੈਂ ਬਹੁਤ ਸਾਰੇ ਲੋਕਾਂ ਦੇ ਪੈਸੇ ਵਾਪਸ ਨਹੀਂ ਕਰ ਸਕਿਆ ਹਾਂ। ਜਿਸ ਕਾਰਨ ਮੇਰੇ ਖਿਲਾਫ 3-4 ਕੇਸ ਚੱਲ ਰਹੇ ਹਨ।
1990 ‘ਚ ਬਤੌਰ ਚਾਈਲਡ ਆਰਟਿਸਟ ਫਿਲਮ ਤੇਜਾ ਰਾਹੀਂ ਐਕਟਿੰਗ ਦੀ ਦੁਨੀਆ ‘ਚ ਕਦਮ ਰੱਖਣ ਵਾਲੇ ਕਰਨਵੀਰ ਬੋਹਰਾ ‘ਦਿਲ ਸੇ ਦੀ ਦੁਆ’, ਕਿਉਂਕਿ ਸਾਸ ਭੀ ਕਭੀ ਬਹੁ ਥੀ, ਕਸੌਟੀ ਜ਼ਿੰਦਗੀ ਕੀ,ਕੁਸੁਮ ਵਰਗੇ ਸੀਰੀਅਲਾਂ ‘ਚ ਨਜ਼ਰ ਆ ਚੁੱਕੇ ਹਨ।