ਕੇਂਦਰੀ ਗ੍ਰਹਿ ਮੰਤਰਾਲੇ ਦੀ ਇਨਪੁਟ ਤੋਂ ਬਾਅਦ ਖਰੜ CIA ਸਟਾਫ ਦੇ ਦਫਤਰ ਦੀ ਵਧਾਈ ਸੁਰੱਖਿਆ

0
362

ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਭੇਜੀ ਗਈ ਇਨਪੁਟ ਤੋਂ ਬਾਅਦ ਪੰਜਾਬ ਪੁਲਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਵਲੋਂ ਖਰੜ ਸੀ. ਆਈ. ਏ. ਸਟਾਫ ਦੇ ਦਫਤਰ ਵਿਚ ਵੀ ਕਮਾਂਡੋ ਤਾਇਨਾਤ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੇਸ਼ੀ ਦੌਰਾਨ ਵੀ ਦੋਵਾਂ ਗੈਂਗਸਟਰਾਂ ਦੀ ਸੁਰੱਖਿਆ ਵਿਚ ਭਾਰੀ ਇਜ਼ਾਫਾ ਕੀਤਾ ਗਿਆ ਹੈ। ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਕਿਸੇ ਤਰ੍ਹਾਂ ਦੀ ਵਾਰਦਾਤ ਨੂੰ ਰੋਕਣ ਲਈ ਪੁਲਸ ਵਲੋਂ ਗੈਂਗਸਟਰਾਂ ਦੀ ਸੁਰੱਖਿਆ ਵਧਾਈ ਗਈ ਹੈ।

ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮੁੱਖ ਸਾਜ਼ਿਸ਼ਕਰਤਾ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ’ਤੇ ਅਦਾਲਤ ਵਿਚ ਪੇਸ਼ੀ ਦੌਰਾਨ ਹਮਲਾ ਹੋ ਸਕਦਾ ਹੈ। ਜਿਸ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੂੰ ਚਿੱਠੀ ਲਿਖ ਕੇ ਇਨਪੁੱਟ ਦਿੱਤੀ ਸੀ। ਇਸ ਚਿੱਠੀ ਵਿਚ ਆਖਿਆ ਗਿਆ ਹੈ। ਭਰੋਸੇਯੋਗ ਇਨਪੁੱਟ ਅਨੁਸਾਰ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਅਦਾਲਤੀ ਕਾਰਵਾਈ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ’ਤੇ ਜਾਨਲੇਵਾ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ। ਇਹ ਵੀ ਆਖਿਆ ਹੈ ਕਿ ਸ਼ੂਟਰਾਂ ਵੱਲੋਂ ਵਕੀਲਾਂ ਜਾਂ ਅਦਾਲਤੀ ਸਟਾਫ ਦੇ ਭੇਸ ਵਿਚ ਇਸ ਹਮਲੇ ਨੂੰ ਅੰਜਾਮ ਦੇਣ ਦੀ ਸੰਭਾਵਨਾ ਹੈ। ਇਨਪੁਟ ਵਿਚ ਆਖਿਆ ਗਿਆ ਹੈ ਕਿ ਬਠਿੰਡਾ ਜੇਲ੍ਹ ਵਿਚ ਗੈਂਗਸਟਰ ਸਾਰਜ ਸਿੰਘ ਸੰਧੂ ’ਤੇ ਹਮਲੇ ਤੋਂ ਬਾਅਦ ਬੰਬੀਹਾ ਗੈਂਗ ਹੁਣ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ’ਤੇ ਹਮਲਾ ਕਰਨ ਦੀ ਤਿਆਰੀ ਵਿਚ ਹੈ।

ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵਲੋਂ ਫੇਸਬੁੱਕ ’ਤੇ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਅਤੇ ਮਨਕੀਰਤ ਔਲਖ ਤੋਂ ਬਦਲਾ ਲੈਣ ਦੀਆਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੋਸਟਾਂ ਵਿਚ ਆਖਿਆ ਜਾ ਰਿਹਾ ਹੈ ਕਿ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਜੋ ਕਿਹਾ, ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ ਕਿ ਗੋਲਡੀ ਬਰਾੜ ਤੇ ਲਾਰੈਂਸ ਨਸ਼ਾ ਵੇਚਣ ਅਤੇ ਪੈਸੇ ਲੈ ਕੇ ਬੰਦਾ ਮਾਰਦੇ ਹਨ। ਬੰਬੀਹਾ ਗਰੁੱਪ ਲਗਾਤਾਰ ਆਖ ਰਿਹਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈ ਕੇ ਰਹਿਣਗੇ ਸਮਾਂ ਭਾਵੇਂ ਜਿੰਨਾ ਮਰਜ਼ੀ ਲੱਗ ਜਾਵੇ। ਸਿੱਧੂ ਦੇ ਕਤਲ ਕਾਂਡ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

 

LEAVE A REPLY

Please enter your comment!
Please enter your name here