ਭਾਰਤ ਤੇ ਇੰਗਲੈਂਡ ਦਰਮਿਆਨ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਮੁਕਾਬਲਾ ਅੱਜ ਬਰਮਿੰਘਮ ਦੇ ਐਜਬੈਸਟਨ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 17 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਇਆ। ਸ਼ੁਭਮਨ ਜੇਮਸ ਐਂਡਰਸਨ ਦੀ ਗੇਂਦ ‘ਤੇ ਜ਼ੈਕ ਕ੍ਰਾਊਲੀ ਨੂੰ ਕੈਚ ਦੇ ਕੇ ਆਊਟ ਹੋਏ।
ਟੀਮ ਇੰਡੀਆ ਦੀ ਦੂਜੀ ਵਿਕਟ ਚੇਤੇਸ਼ਵਰ ਪੁਜਾਰਾ ਦੇ ਤੌਰ ‘ਤੇ ਡਿੱਗੀ। ਚੇਤੇਸ਼ਵਰ 13 ਦੌੜਾਂ ਦੇ ਨਿੱਜੀ ਸਕੋਰ ‘ਤੇ ਜੇਮਸ ਐਂਡਰਸਨ ਦੀ ਗੇਂਦ ‘ਤੇ ਜ਼ੈਕ ਕ੍ਰਾਊਲੀ ਵਲੋਂ ਕੈਚ ਆਊਟ ਹੋਏ। ਖ਼ਬਰ ਲਿਖੇ ਜਾਣ ਸਮੇਂ ਤਕ ਭਾਰਤ ਨੇ 2 ਵਿਕਟਾਂ ਦੇ ਨੁਕਸਾਨ ‘ਤੇ 53 ਦੌੜਾਂ ਬਣਾ ਲਈਆਂ ਸਨ। ਭਾਰਤੀ ਕ੍ਰਿਕਟ ਟੀਮ ਦੀਆਂ ਨਜ਼ਰਾਂ ਨਵੇਂ ਕਪਤਾਨ ਅਤੇ ਨਵੇਂ ਕੋਚ ਦੀ ਅਗਵਾਈ ’ਚ ਇੰਗਲੈਂਡ ਖਿਲਾਫ ਸੀਰੀਜ਼ ਜਿੱਤਣ ’ਤੇ ਹੋਣਗੀਆਂ, ਜਦੋਂਕਿ ਇੰਗਲੈਂਡ ਦਾ ਟੀਚਾ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਡਰਾਅ ਕਰਨ ਦਾ ਹੋਵੇਗਾ।
ਪਿਛਲੇ ਸਾਲ 5 ਮੈਚਾਂ ਦੀ ਸੀਰੀਜ਼ ’ਚ 4 ਟੈਸਟ ਖੇਡੇ ਸਨ ਅਤੇ ਕੋਰੋਨਾ ਕਾਰਨ 5ਵਾਂ ਟੈਸਟ ਨਹੀਂ ਹੋਇਆ ਸੀ। ਉਥੇ 5ਵਾਂ ਟੈਸਟ ਇਕ ਸਾਲ ਬਾਅਦ ਜਾ ਕੇ ਹੁਣ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ 4 ’ਚੋਂ 2 ਟੈਸਟ ਜਿੱਤ ਕੇ ਸੀਰੀਜ਼ ’ਚ 2-1 ਨਾਲ ਅੱਗੇ ਹੈ। ਸੀਰੀਜ਼ ਜਿੱਤਣ ਲਈ ਉਸ ਨੂੰ ਇਹ ਮੈਚ ਜਿੱਤਣਾ ਜਾਂ ਡਰਾਅ ਕਰਨਾ ਹੈ।
ਹਾਲਾਂਕਿ ਪਿਛਲੇ ਸਾਲ ਵਾਂਗ ਇਸ ਸਾਲ ਵੀ ਭਾਰਤ ਅਤੇ ਇੰਗਲੈਂਡ ਦੋਵੇਂ ਟੀਮਾਂ ਕੋਰੋਨਾ ਨਾਲ ਜੂਝ ਰਹੀਆਂ ਹਨ ਪਰ ਹੁਣ ਹਾਲਾਤ ਬਦਲ ਚੁੱਕੇ ਹਨ ਅਤੇ ਹੁਣ ਟੈਸਟ ਰੱਦ ਜਾਂ ਮੁਅੱਤਲ ਹੋਣ ਵਰਗੀ ਕੋਈ ਗੱਲ ਨਹੀਂ ਹੈ। ਹਾਲ ਹੀ ’ਚ ਖਤਮ ਹੋਈ ਇੰਗਲੈਂਡ-ਨਿਊਜ਼ੀਲੈਂਡ ਸੀਰੀਜ਼ ਦੌਰਾਨ ਵੀ ਦੋਵਾਂ ਟੀਮਾਂ ਦੇ ਕੁਝ ਖਿਡਾਰੀ ਕੋਰੋਨਾ ਪਾਜ਼ੇਟਿਵ ਹੋਏ ਪਰ ਸੀਰੀਜ਼ ਜਾਰੀ ਰੱਖਣ ’ਤੇ ਕੋਈ ਸਵਾਲ ਨਹੀਂ ਉਠਿਆ। ਇਸੇ ਤਰ੍ਹਾਂ ਇਹ ਟੈਸਟ ਮੈਚ ਵੀ ਤੈਅ ਸਮੇਂ ਅਨੁਸਾਰ ਹੋਵੇਗਾ। ।