ਵੈੱਬਸੀਰੀਜ਼ ਦੇ ਕਲਾਵੇ ‘ਚ ਆਇਆ ਯੂਥ, ਜਿੱਧਰ ਚਾਹੇ ਮੋੜ ਦੇਵੇ, ਕਿਸੇ ਦਾ ਕੋਈ ਵੱਸ ਨਹੀਂ

0
125

——ਪ੍ਰਵੀਨ ਵਿਕਰਾਂਤ—

ਵੈੱਬਸੀਰੀਜ਼ ਦੇ ਕਲਾਵੇ ਚ ਆਇਆ ਯੂਥ, ਜਿੱਧਰ ਚਾਹੇ ਮੋੜ ਦੇਵੇ, ਕਿਸੇ ਦਾ ਕੋਈ ਵੱਸ ਨਹੀਂ

ਕਿਸੇ ਵੀ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਉਸ ਦੇਸ਼ ਦੇ ਯੂਥ ਯਾਨੀ ਨੌਜਵਾਨ ਪੀੜ੍ਹੀ ਦੀ ਸੋਚ ਅਤੇ ਵਿਵਹਾਰ ਤੇ ਕਾਫੀ ਹੱਦ ਤੱਕ ਨਿਰਭਰ ਕਰਦੀ ਏ। ਯੂਥ ਚਾਹੇ ਤਾਂ ਹਕੂਮਤਾਂ ਦੇ ਤਖ਼ਤੇ ਪਲਟ ਦੇਵੇ ਜਿਸਦੀ ਤਾਜਾ ਉਦਾਹਰਣ ਗੁਆਂਢੀ ਮੁਲਕ ਬੰਗਲਾਦੇਸ਼ ਵਿੱਚ ਦੇਖਣ ਨੂੰ ਮਿਲ ਰਹੀ ਏ, ਬੇਸ਼ਕ ਇਹ ਸਹੀ ਕਦਮ ਸੀ ਜਾਂ ਗਲਤ ਇਸ ਤੇ ਵੱਖਰੀ ਚਰਚਾ ਹੋ ਸਕਦੀ ਏ ਪਰ ਮੁੱਕਦੀ ਗੱਲ ਇਹ ਹੈ ਕਿ ਯੂਥ ਦੇ ਵਿੱਚ ਹੀ ਅਸਲੀ ਪਾਵਰ ਏ। ਇਸੇ ਲਈ ਚੋਣਾਂ ਵਿੱਚ ਵੀ ਵੱਖ-ਵੱਖ ਪਾਰਟੀਆਂ ਵੱਲੋਂ ਯੂਥ ਨੂੰ ਲੁਭਾਉਣ ਲਈ ਕਈ ਦਾਅ-ਪੇਚ ਖੇਡੇ ਜਾਂਦੇ ਨੇ। ਯੂਥ ਦੇ ਜ਼ਹਿਨ ਚ ਕੀ ਚੱਲ ਰਿਹੈ ਤੇ ਉਸਨੂੰ ਕਿਵੇਂ ਆਪਣੇ ਵੱਲ ਕੀਤਾ ਜਾਏ ਇਹ ਪਲੈਨਿੰਗਾਂ ਲਗਾਤਾਰ ਹੁੰਦੀਆਂ ਨੇ।


ਹੁਣ ਸਵਾਲ ਇਹ ਉੱਠਦਾ ਏ ਕਿ ਜੇਕਰ ਨੌਜਵਾਨ ਪੀੜ੍ਹੀ ਦੇ ਹੱਥ ਚ ਹੀ ਸਾਰੀ ਪਾਵਰ ਏ ਤਾਂ ਉਸਨੂੰ ਕੁਰਾਹੇ ਪੈਣ ਤੋਂ ਕਿਵੇਂ ਰੋਕਿਆ ਜਾਏ, ਕਿਵੇਂ ਮੰਨ ਲਿਆ ਜਾਏ ਕਿ ਉਹ ਸਹੀ ਫੈਸਲੇ ਹੀ ਲਏਗੀ? ਜਿੱਥੇ ਕਈ ਵਾਰ ਉਸਦੇ ਸਹੀ ਫੈਸਲੇ ਦੇਸ਼, ਧਰਮ ਅਤੇ ਇਨਸਾਨੀਅਤ ਨੂੰ ਲਾਭ ਪਹੁੰਚਾਉਂਦੇ ਨੇ ਉੱਥੇ ਜੇਕਰ ਕਿਸੇ ਭਟਕਾ ਅੰਦਰ ਆ ਕੇ ਉਹ ਗਲਤ ਫੈਸਲਾ ਲੈ ਲਵੇ ਤਾਂ ਫਿਰ ਕੀ ਹੋਏਗਾ? ਇਸੇ ਲਈ ਬਚਪਨ ਤੋਂ ਹੀ ਮਾਪੇ, ਅਧਿਆਪਕ ਅਤੇ ਹੋਰ ਵੱਡੇ ਬੱਚਿਆਂ ਨੂੰ ਚੰਗੇ-ਮਾੜੇ ਦਾ ਫਰਕ ਸਮਝਾਉਣ ਚ ਲੱਗੇ ਰਹਿੰਦੇ ਨੇ। ਪਹਿਲਾਂ ਤਾਂ ਇਹ ਹੁੰਦਾ ਸੀ ਕਿ ਬਹੁਤੀਆਂ ਫਿਲਮਾਂ, ਟੀਵੀ ਨਾ ਦੇਖੋ, ਰਸਾਲੇ ਨਾ ਪੜੋ, ਮਾੜੀ ਸੰਗਤ ਚ ਨਾ ਜਾਓ ਜਿਸਦੇ ਲਈ ਮਾਪਿਆਂ ਵੱਲੋਂ ਦਿੱਤੀ ਜਾਂ ਸੇਧ ਤੋਂ ਇਲਾਵਾ ਸਰਕਾਰਾਂ ਵੀ ਕੰਟੈਂਟ ਤੇ ਚੌਕਸ ਨਜ਼ਰ ਰੱਖਦੀਆਂ ਸਨ। ਹੁਣ ਕਈਆਂ ਦਾ ਸਵਾਲ ਹੋਏਗਾ ਕਿ ਮਾੜੀਆਂ ਫਿਲ਼ਮਾਂ, ਮਾੜੀਆਂ ਕਿਤਾਬਾਂ ਤਾਂ ਫਿਰ ਵੀ ਮਾਰਕੀਟ ਚ ਆ ਹੀ ਜਾਂਦੀਆਂ ਸਨ ਪਰ ਉਸ ਤੇ ਅੰਕੁਸ਼ ਤਾਂ ਹੁੰਦਾ ਸੀ ਨਾ। ਇਸ ਲਈ ਬੱਚਿਆਂ ਨੂੰ ਅਤੇ ਨੌਜਵਾਨਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਣ ਅਤੇ ਚੰਗੀ ਸੰਗਤ ਕਰਨ ਤੇ ਜੋਰ ਦਿੱਤਾ ਜਾਂਦਾ ਸੀ।

                     ਪਰ ਅਜੌਕਾ ਸਮਾਜ ਬਦਲ ਚੁੱਕਾ ਏ, ਹੁਣ ਤਰੱਕੀ ਐਨੀ ਕੁ ਹੋ ਚੁੱਕੀ ਏ ਕਿ ਗਿਆਨ ਵੀ ਇੰਟਰਨੈੱਟ ਰਾਹੀਂ ਪਰੋਸੀ ਜਾਂਦੀ ਸਮੱਗਰੀ ਜ਼ਰੀਏ ਲਿਆ ਜਾ ਰਿਹੈ। ਫਿਰ ਉਸ ਵਿੱਚ ਭਾਵੇਂ ਕਿਸੇ ਵੀ ਤਰ੍ਹਾਂ ਦਾ ਤੜਕਾ ਕਿਉਂ ਨਾ ਲੱਗਾ ਹੋਵੇ, ਇਹ ਸਹੀ ਕਿ ਬਹੁਤ ਸਾਰੇ ਨੌਜਵਾਨ ਲਕੀਰ ਦੇ ਫਕੀਰ ਨਹੀਂ, ਉਹ ਦੇਖ ਪਰਖ ਕੇ ਹੀ ਯਕੀਨ ਕਰਦੇ ਨੇ ਪਰ ਸਾਰੇ ਨਹੀਂ, ਅਤੇ ਸਾਰਿਆਂ ਵਿੱਚ ਬਹੁਤ ਸਾਰੇ ਆ ਜਾਂਦੇ ਨੇ। ਆਧੁਨਿਕ ਗਿਆਨ ਦੇ ਸੋਮੇ ਵੀ ਮਨੋਰੰਜਨ ਵਿੱਚ ਲਪੇਟ ਕੇ ਪਰੋਸੇ ਜਾਂਦੇ ਨੇ, ਜਿਨ੍ਹਾਂ ਵਿੱਚ ਓਟੀਟੀ ਦੇ ਪਲੇਟਫਾਰਮ ਸੱਭ ਤੋਂ ਮੋਹਰੀ ਭੂਮਿਕਾ ਅਦਾ ਕਰ ਰਹੇ ਨੇ ਅਤੇ  ਓਟੀਟੀ ਪਲੇਟਫਾਰਮਾਂ ਤੇ ਜੋ ਕੰਟੈਟ ਪਰੋਸਿਆਂ ਜਾ ਰਿਹੈ ਜਿਨ੍ਹਾਂ ਵਿੱਚ ਮਨੋਰੰਜਨ ਦੇ ਸ਼ੋਅ ਅਤੇ ਫਿਲਮਾਂ ਤੋਂ ਇਲਾਵਾ ਵੈੱਬਸੀਰੀਜ਼ ਦਾ ਜਾਦੂ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹੈ ਅਤੇ ਇਹ ਜਾਦੂ ਇਹਨਾਂ ਨੂੰ ਕਿੱਥੇ ਤੱਕ ਲੈ ਜਾਏਗਾ ਇਸ ਤੇ ਕਿਸੇ ਗਾਰਡੀਅਨ ਜਾਂ ਸਰਕਾਰ ਦਾ ਜੋਰ ਨਹੀਂ ਚੱਲ ਰਿਹੈ। ਨੌਜਵਾਨ ਆਪਣੀ ਮਰਜੀ ਦੇ ਮਾਲਕ ਨੇ ਅਤੇ ਕੰਟੈਟ ਪਰੋਸਣ ਵਾਲਿਆਂ ਨੂੰ ਇੱਕ ਵੱਡਾ ਬਜਾਰ ਇਸੇ ਰੂਪ ਵਿੱਚ ਮਿਲ ਗਿਆ ਏ।

ਹੁਣ ਵੈੱਬਸੀਰੀਜ਼ ਦੀ ਗੱਲ ਕਰੀਏ ਤਾਂ ਇਹ ਨਹੀਂ ਕਿ ਕਲਾ ਦੇ ਪੱਖ ਤੋਂ ਮਾੜੀਆਂ ਨੇ, ਇਸ ਵਿੱਚ ਉਹਨਾਂ ਅਦਾਕਾਰਾਂ ਨੂੰ ਅਦਾਕਾਰੀ ਦਾ ਮੌਕਾ ਮਿਲ ਰਿਹੈ ਜੋ ਭਾਈ-ਭਤੀਜਾਵਾਦ ਦੇ ਚੱਕਰ ਵਿੱਚ ਅਣਗੌਲੇ ਫਿਰਦੇ ਸਨ। ਬਹੁਤ ਹੀ ਲਾਜਵਾਬ ਸਟੋਰੀ, ਲਾਜਵਾਬ ਅਦਾਕਾਰੀ, ਪਲਾੱਟ ਅਤੇ ਤਮਾਮ ਪੇਸ਼ਕਾਰੀ ਕਾਬਿਲ-ਏ-ਤਾਰੀਫ ਏ ਪਰ ਬੇਵਜ੍ਹ ਵਿੱਚ ਗੰਦ-ਮੰਦ ਪਰੋਸ ਕੇ ਨੌਜਵਾਨਾਂ ਵਿੱਚ ਨੰਗਪੁਣੇ ਅਤੇ ਨਜਾਇਜ਼ ਰਿਸ਼ਤਿਆਂ ਨੂੰ ਆਮ ਕੀਤਾ ਜਾ ਰਿਹੈ। ਆਮ ਮਤਲਬ ਜੋ ਉਹਨਾਂ ਨੂੰ ਪਹਿਲਾਂ ਗਲਤ ਲੱਗਦਾ ਸੀ ਅਤੇ ਉਹ ਚੋਰੀ-ਛਿਪੇ ਦੇਖਦੇ ਸਨ ਉਸਨੂੰ ਆਮ ਕੀਤਾ ਜਾ ਰਿਹੈ। ਉਦਾਹਰਣ ਦੇ ਤੌਰ ਤੇ ਜੇਕਰ ਇੱਕ ਦੋ ਭਾਰਤੀ ਵੈੱਬਸੀਰਜ਼ ਦੀ ਹੀ ਗੱਲ ਕੀਤੀ ਜਾਏ ਤਾਂ ਮਿਰਜਾਪੁਰਦੀ ਬਹੁਤ ਚਰਚਾ ਹੋਈ ਕੰਟੈਟ ਪੱਖੋਂ ਅਪਰਾਧਕ ਦ੍ਰਿਸ਼ਾਂ ਦੀ ਭਰਮਾਰ ਸੀ ਪਰ ਪਚਾਉਣ ਲਾਇਕ, ਪਰ ਜੋ ਅਸ਼ਲੀਲਤਾ ਪਰੋਸੀ ਗਈ ਉਹ ਜੇ ਨਾ ਵੀ ਵਰਤੀ ਜਾਂਦੀ ਤਾਂ ਵੀ ਮਨੋਰੰਜਨ ਪੂਰਾ ਹੀ ਸੀ ਪਰ ਫਿਰ ਵੀ ਵਰਤੀ ਗਈ, ਇਸੇ ਤਰ੍ਹਾਂ ਆਸ਼ਰਮਨੇ ਬੌਬੀ ਦਿਓਲ ਨੂੰ ਕਰੀਅਰ ਸੰਵਾਰਣ ਦਾ ਚੰਗਾ ਮੌਕਾ ਦਿੱਤਾ, ਬਾਕੀਆਂ ਨੇ ਵੀ ਬਾਖੂਬੀ ਕੰਮ ਕੀਤਾ, ਹਰ ਚੀਜ਼ ਮਨੋਰੰਜਨ ਭਰਪੂਰ ਪਰ ਅਸ਼ਲੀਲਤਾ ਇਸ ਵਿੱਚ ਵੀ ਬੇਵਜ੍ਹਾ ਪਰੋਸੀ ਗਈ ਤਾਂ ਕਿ ਇਹ ਚੀਜਾਂ ਆਮ ਹੋ ਜਾਣ ਨੌਜਵਾਨਾਂ , ਇਹ ਸੁਨੇਹਾ ਜਾਏ ਕਿ ਇਹ ਆਮ ਜਿਹੀ ਗੱਲ ਏ ਕੋਈ ਉਚੇਚਾ ਕੰਮ ਨਹੀਂ।

ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਵੈੱਬਸੀਰੀਜ਼ ਨੇ ਜਿਨ੍ਹਾਂ ਵਿੱਚ ਕੁੱਝ ਇਸੇ ਤਰ੍ਹਾਂ ਦਾ ਕੰਮ ਕੀਤਾ ਗਿਆ। ਹੁਣ ਵਿਦੇਸ਼ੀ ਵੈੱਬਸੀਰੀਜ਼ ਦੀ ਗੱਲ ਕਰੀਏ ਤਾਂ ਉਸ ਦਾ ਕ੍ਰੇਜ਼ ਕੁੱਝ ਜਿਆਦਾ ਹੀ ਵੱਧ ਰਿਹੈ, ਅਤੇ ਉਸ ਵਿੱਚ ਇਹ ਸੱਭ ਚੀਜਾਂ ਤਾਂ ਕਿਸੇ ਵਿਸ਼ੇਸ਼ਤਾ ਚ ਆਉਂਦੀਆਂ ਹੀ ਨਹੀਂ, ਪਰ ਉਸ ਵਿੱਚ ਗੇਅ’, ‘ਲੈਸਬੀਅਨਦੇ ਚਲਣ ਨੂੰ ਆਮ ਕੀਤਾ ਜਾ ਰਹੈ, ਹਿੰਦੀ ਵਿੱਚ ਅਨੁਵਾਦ ਕਰਕੇ ਪਰੋਸਣ ਦਾ ਸਿੱਧਾ ਜਿਹਾ ਮਤਲਬ ਏਸ਼ੀਆ ਦੇ ਕੁੱਝ ਮੁਲਕਾਂ ਜਿਵੇਂ ਹਿੰਦੁਸਤਾਨ, ਪਾਕਿਸਾਤਨ, ਨੇਪਾਲ ਆਦਿ ਵਿੱਚ ਸੱਭਿਆਚਾਰ ਨੂੰ ਨਿਸ਼ਾਨੇ ਤੇ ਲਿਆ ਜਾ ਰਿਹੈ। ਮੁੰਡੇ ਨਾਲ ਮੁੰਡੇ ਦਾ ਵਿਆਹ, ਕੁੜੀ ਨਾਲ ਕੁੜੀ ਦਾ ਵਿਆਹ ਇਸ ਨੂੰ ਆਮ ਕੀਤਾ ਜਾ ਰਿਹੈ ਇਹਨਾਂ ਵੈੱਬਸੀਰੀਜ਼ ਦੇ ਜ਼ਰੀਏ। ਕਿਉਂ ਕੀਤਾ ਜਾ ਰਿਹੈ? ਕੌਣ ਹੈ ਇਸਦੇ ਪਿੱਛੇ? ਅਤੇ ਕੀ ਹੈ ਮਕਸਦ ? ਇਹ ਅਜੇ ਤੱਕ ਗੁੱਝੇ ਭੇਤ ਨੇ। ਕੁੱਝ ਲੋਕ ਇਸ ਨੂੰ ਇਲਿਊਮਿਨਾਤੀਨਾਲ ਜੋੜ ਰਹੇ ਹਨ, ‘ਇਲਿਊਮਿਨਾਤੀਕੀ ਹੈ ਇਸਦਾ ਜਿਕਰ ਅਗਲੇ ਲੇਖ ਵਿੱਚ ਕਰਾਂਗੇ।

ਇੱਕ ਗੱਲ ਸੁਣੀਦੀ ਸੀ ਕਿ ਪਰਦਾ ਮੰਗਦੇ ਹਨ ਭਜਨ,ਭੋਜਨ ਤੇ ਨਾਰੀ। ਪਰ ਆਧੁਨਿਕ ਵਰਤਾਰੇ ਨੇ ਤਾਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਨੇ ਸੱਭਿਆਚਾਰ ਦੀਆਂ। ਸਰਕਾਰਾਂ ਪੂਰਾ ਜੋਰ ਲਾ ਰਹੀਆਂ ਨੇ ਕਿ ਕਿਸ ਤਰੀਕੇ ਇਸ ਗਲੋਬਲ ਕੰਟੈਟ ਨੂੰ ਕੰਟਰੋਲ ਕੀਤਾ ਜਾਏ ਪਰ ਨਾ ਅਜੇ ਤੱਕ ਉਹਨਾਂ ਦੇ ਨੁਮਾਇੰਦੇ ਕੁੱਝ ਕਰ ਪਾਏ ਨੇ ਤੇ ਨਾ ਹੀ ਮਾਪੇ ਕੋਈ ਕਦਮ ਚੁੱਕਣਾ ਆਪਣੇ ਵੱਸ ਵਿੱਚ ਮਹਿਸੂਸ ਕਰ ਰਹੇ ਨੇ। ਅੱਗੇ ਕੀ ਹੋਏਗਾ ਰੱਬ ਜਾਣੇ।

 

 

LEAVE A REPLY

Please enter your comment!
Please enter your name here