‘ਫਾਡੀ’ ਮੋੜ ‘ਤੇ ‘ਸ਼੍ਰੋਮਣੀ’ ਅਕਾਲੀ ਦਲ, ਐੱਸਜੀਪੀਸੀ ਚੋਣਾਂ ‘ਚ ਕੀ ਹੋਏਗਾ?
–ਪ੍ਰਵੀਨ ਵਿਕਰਾਂਤ–
ਆਪਣੇ ਸੰਘਰਸ਼ ਅਤੇ ਕੁਰਬਾਨੀਆਂ ਕਰਕੇ ਜਾਣੀ ਜਾਂਦੀ ਪੰਜਾਬ ਦੀ ਸਿਰਮੌਰ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੁਣ ‘ਸ਼੍ਰੋਮਣੀ’ ਨਹੀਂ ਰਹੀ, ਜੇ ਇਹ ਕਹੀਏ ਕਿ ਹੁਣ ਤੱਕ ਦੇ ਸੱਭ ਤੋਂ ਹੇਠਲੇ ਪੱਧਰ ‘ਤੇ ਆ ਪਹੁੰਚੀ ਏ ਸ਼ਾਇਦ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ। ਵਜ੍ਹਾ ਸਾਫ਼ ਏ ਵੱਡੇ ਬਾਦਲ ਸਾਬ੍ਹ ਯਾਨੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵਾਲੀ ਦੂਰਅੰਦੇਸ਼ੀ ਦੀ ਕਮੀ। ਪਾਰਟੀ ਨੂੰ ਲਗਾਤਾਰ ਮਿਲ ਰਹੀਆਂ ਹਾਰਾਂ ਕਰਕੇ ਇਸ ਵੇਲੇ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਸੱਭ ਦੇ ਅਤੇ ਖਾਸ ਕਰਕੇ ਆਪਣਿਆਂ ਦੇ ਨਿਸ਼ਾਨੇ ‘ਤੇ ਨੇ। ਖਾਸਮਖਾਸ ਕਹਾਉਣ ਵਾਲੇ ਵੀ ਹੁਣ ਸਾਰੀਆਂ ਨਕਾਮੀਆਂ ਦਾ ਠੀਕਰਾ ਸੁਖਬੀਰ ਸਿੰਘ ਬਾਦਲ ਸਿਰ ਭੰਨ ਕੇ ਖੁਦ ਸੁਰਖਰੂ ਹੋਣਾ ਚਾਹੁੰਦੇ ਨੇ। ਅਜੇ ਕਿ ਭਲੇ ਵੇਲਿਆਂ ‘ਚ ਮੌਜਾਂ ਮਾਨਣ ਵੇਲੇ ਉਹਨਾਂ ਨੂੰ ਸੁਖਬੀਰ ਬਾਦਲ ਕਿਸੇ ਫਰਿਸ਼ਤੇ ਤੋਂ ਘੱਟ ਨਹੀ ਜਾਪਦੇ ਸਨ, ਪਰ ਹੁਣ ਕਈ ਸਾਰੀਆਂ ਚੋਣਾਂ ‘ਚ ਅਵਾਮ ਦਾ ਮੂਡ ਦੇਖਣ ਦੇ ਬਾਅਦ ਅਕਾਲੀ ਦਲ ਨੇ ਜੋ-ਜੋ ਗਲਤੀਆਂ ਕੀਤੀਆਂ ਜਾਂ ਜਿੱਥੇ-ਜਿੱਥੇ ਵੀ ਨਕਾਮੀਆਂ ਰਹੀਆਂ ਉਸਦੀ ਹਿੱਸੇਦਾਰੀ ਤੋਂ ਸਾਰੇ ਪੱਲਾ ਛੁਡਾ ਰਹੇ ਨੇ।
ਹਾਲ ਹੀ ਵਿੱਚ ਹੋਈ ਜਲੰਧਰ ਪੱਛਮੀ ਵਿਧਾਨਸਭਾ ਦੀ ਜਿਮਨੀ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਨੂੰ 1500 ਤੋਂ ਵੀ ਘੱਟ ਵੋਟ ਪਈ ਅਤੇ ਜ਼ਮਾਨਤ ਜ਼ਬਤ ਹੋ ਗਈ, ਜਿਸਦੇ ਬਾਅਦ ਪਾਰਟੀ ‘ਚ ਵੱਡੇ ਪੱਧਰ ‘ਤੇ ਬਗਾਵਤ ਸ਼ੁਰੂ ਹੋਈ ਅਤੇ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਆਗੂ ਵੀ ਕਿਨਾਰਾ ਕਰਕੇ ਬਗਾਵਤ ‘ਤੇ ਉਤਰ ਆਏ।
ਅਸਲ ਵਿੱਚ 2017 ਤੱਕ ਪਾਰਟੀ ਲਗਾਤਾਰ ਹਕੂਮਤ ‘ਚ ਰਹੀ, ਪਰ 2015 ਦੀਆਂ ਉਹ ਗਲਤੀਆਂ- ਬੇਅਦਬੀ ਕਾਂਡ ਅਤੇ ਡੇਰਸਾ ਸਿਰਸਾ ਮੁਖੀ ਨੂੰ ਮੁਆਫੀ ਵਾਲੇ ਕਾਂਡ ਨਾਲ ਵੋਟਰਾਂ ਦੀ ਨਰਜਾਗੀ ਦੀ ਅਜਿਹੀ ਲਹਿਰ ਚੱਲੀ ਕਿ ਹਰ ਚੋਣ ਵਿੱਚ ਥੋੜ੍ਹਾ-ਥੋੜ੍ਹਾ ਕਰਕੇ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਜਿਸਨੇ ਹੁਣ ਜਾ ਕੇ ਸਿਰਾ ਹੀ ਲਾ ਦਿੱਤਾ।
ਪਹਿਲਾਂ ਤਾਂ 2017 ਦੀਆਂ ਚੋਣਾਂ ‘ਚ ਪਾਰਟੀ ਸਿਰਫ਼ 15 ਸੀਟਾਂ ‘ਤੇ ਸਿਮਟ ਗਈ ਫਿਰ 2019 ਦੀਆਂ ਲੋਕਸਭਾ ਚੋਣਾਂ ‘ਚ 2 ਸੀਟਾਂ ਮਿਲੀਆਂ ਅਤੇ ਫਿਰ 2022 ਦੀਆਂ ਵਿਧਾਨਸਭਾ ਚੋਣਾਂ ‘ਚ ਤਾਂ ਸਿਰਫ਼ 3 ਹੀ ਸੀਟਾਂ ਮਿਲੀਆਂ। ਇਹ ਉਸ ਪਾਰਟੀ ਦਾ ਹਾਲ ਸੀ ਜੋ ਕਦੇ ਕਾਂਗਰਸ ਵਰਗੀ ਪਾਰਟੀ ਨੂੰ ਵੀ ਖੁੰਝੇ ਲਾ ਕੇ ਰੱਖਦੀ ਸੀ। ਹੁਣ 2024 ਦਾ ਦੇਖ ਲਓ ਸਿਰਫ਼ ਇੱਕ ਸੀਟ, ਉਸ ਵੇਲੇ ਜਦੋਂ ਸੁਖਬੀਰ ਬਾਦਲ ਨੇ ਪੰਜਾਬ ਬਚਾਓ ਯਾਤਰਾ ਕੱਢ ਕੇ ਮੁੜ ਵੋਟਰਾਂ ਨੂੰ ਜੋੜਣ ਦੀ ਮੁਹਿੰਮ ਛੇੜੀ ਪਰ ਵਿਰੋਧੀ ਇਸ ‘ਤੇ ਪੰਜਾਬ ਦੀ ਬਜਾਏ ‘ਅਕਾਲੀ ਦਲ ਬਚਾਓ’ ਦਾ ਤੰਨਜ਼ ਕੱਸਦੇ ਰਹੇ, ਜਿਸਤੇ ਵੋਟਰ ਵੀ ਕਾਫੀ ਹੱਦ ਤੱਕ ਸਹਿਮਤ ਸਨ, ਜਿਸਦਾ ਸਬੂਤ ਉਹਨਾਂ ਚੋਣ ਨਤੀਜਿਆਂ ਦੇ ਤਹਿਤ ਦੇ ਦਿੱਤਾ। ਪਾਰਟੀ ਦਾ ਹਾਲ ਤਾਂ 2022 ਤੱਕ ਹੀ ਬੇਹਾਲ ਹੋਣ ਸ਼ੁਰੂ ਹੋ ਗਿਆ ਸੀ, ਵੱਡੇ ਬਾਦਲ ਸਾਬ੍ਹ ਦੇ ਜਿਉਂਦੇ ਜੀਅ ਹੀ ਜਦੋਂ ਬਹੁਮਤ ਦੇ ਦਾਅਵਿਆਂ ਦੌਰ ਵਿੱਚ 3 ਸੀਟਾਂ ‘ਤੇ ਪਾਰਟੀ ਰਹਿ ਗਈ। ਸਾਰੇ ਵੱਡੇ ਲੀਡਰ ਵੀ ਆਮ ਆਦਮੀ ਪਾਟਰੀ ਦੇ ਹਨ੍ਹੇਰੀ ‘ਚ ਢਹਿ-ਢੇਰੀ ਹੋ ਗਏ। ਵੱਡੇ ਬਾਦਲ ਹੋਰਾਂ ਝੂੰਦਾ ਕਮੇਟੀ ਬਣਾ ਕੇ ਸੰਗਠਨਾਤਮਕ ਢਾਂਚਾ ਤਾਂ ਭੰਗ ਕਰ ਦਿੱਤਾ ਪਰ ਪਾਰਟੀ ਦੀ ਕਮਾਨ ਪੁੱਤ ਦੇ ਹੱਥ ‘ਚ ਹੀ ਰੱਖੀ। ਸੌ ਨਰਾਜ਼ਗੀਆਂ ਦਾ ਦੌਰ ਜਾਰੀ ਰਿਹਾ। ਕਈ ਆਗੂ ਅਤੇ ਵਰਕਰ ਵੀ ਪਾਰਟੀ ਤੋਂ ਕਿਨਾਰਾ ਕਰਦੇ ਰਹੇ।
ਬੇਸ਼ਕ ਸੁਖਬੀਰ ਬਾਦਲ ਕੋਲ 29-30 ਸਾਲ ਦਾ ਸਿਆਸੀ ਤਜ਼ਰਬਾ ਏ ਪਰ ਪਿਤਾ ਵਰਗੀ ਸੂਝ-ਬੂਝ ਨਹੀਂ ਜੋ ਜਿਆਦਾ ਦੇਰ ਕਿਸੇ ਨੂੰ ਨਰਾਜ਼ ਰਹਿਣ ਹੀ ਨਹੀਂ ਦਿੰਦੇ ਸਨ ਅਤੇ ਅੱਖ ਦੇ ਫੌਰ ‘ਚ ਹੀ ਹਾਰੀ ਬਾਜੀ ਜਿੱਤ ‘ਚ ਬਦਲ ਲੈਂਦੇ ਸਨ। ਇਸ ਵਾਰ ਪੰਥਕ ਸੀਟ ਖਡੂਰ ਸਾਹਿਬ ਤੋਂ ਅਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਸਰਬਾਜੀਤ ਸਿੰਘ ਖਾਲਸਾ ਦੀ ਲੋਕਸਭਾ ਚੋਣ ਜਿੱਤ ਨੇ ਤਾਂ ਜਿਵੇਂ ਅਕਾਲੀ ਦਲ ਦੀ ਰਹਿੰਦੀ-ਖੂੰਹਦੀ ਨੀਂਦ ਵੀ ਉਡਾ ਦਿੱਤੀ, ਜੋ ਨਾਅਰੇ, ਜੋ ਦਾਅਵੇ ਕਰਕੇ ਅਕਾਲੀ ਦਲ ਹਾਰ ਨੂੰ ਜਿੱਤ ‘ਚ ਬਦਲਣ ਦੀ ਕੋਸ਼ਿਸ਼ ਕਰਦਾ ਸੀ, ਉਹਨਾਂ ਦੇ ਵੀ ਇਹਨਾਂ ਦੋ ਪੰਥਕ ਆਗੂਆਂ ਨੇ ਮਾਇਨੇ ਬਦਲ ਦਿੱਤੇ।
ਹੁਣ ਸੱਭ ਤੋਂ ਵੱਡੀ ਚਿੰਤਾ ਹੈ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਜਿਸ ਵਿੱਚ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੇਲੇ ਕਾਂਗਰਸ ਜੋਰ ਲਾ ਚੁੱਕੀ ਹੈ ਪਰ ਕਾਮਯਾਬ ਨਹੀਂ ਹੋਈ ਅਤੇ ਹੁਣ ਬੀਜੇਪੀ ਅਤੇ ਆਮ ਆਦਮੀ ਪਾਰਟੀ ਵੀ ਪੂਰੀ-ਪੂਰੀ ਦਿਲਚਸਪੀ ਲੈ ਰਹੇ ਨੇ। ਸਿਮਰਨਜੀਤ ਸਿੰਘ ਮਾਨ ਪਹਿਲਾਂ ਹੀ ਚੋਣਾਂ ‘ਚ ਦੇਰੀ ਨੂੰ ਮੁੱਦਾ ਬਣਾ ਕੇ ਦੁਹਾਈ ਦੇ ਦਿੰਦੇ ਰਹਿੰਦੇ ਨੇ। ਉਤੋਂ ਜੇ ਬਾਕੀ ਪਾਸਿਓਂ ਬੱਚ ਵੀ ਗਏ ਤਾਂ ਨਵੇਂ ਉੱਠੇ ਪੰਥਕ ਆਗੂਆਂ ਤੋਂ ਸ਼੍ਰੋਮਣੀ ਕਮੇਟੀ ਕਿਵੇਂ ਬਚਾਉਣਗੇ ਬਾਦਲ ਸਾਬ੍ਹ। ਇਹ ਚਿੰਤਾ ਬਾਕੀ ਸਾਰੀਆਂ ਚਿੰਤਾਵਾਂ ਤੋਂ ਵੱਡੀ ਹੋ ਰਹੀ ਏ। ਭਾਈ ਰਣਜੀਤ ਸਿੰਘ ਸਣੇ ਕਈ ਪੰਥਕ ਆਗੂ ਵੀ ਹੁਣ ਐੱਸਜੀਪੀਸੀ ਚੋਣਾਂ ‘ਚ ਵੱਧ-ਚੜ੍ਹ ਕੇ ਦਿਲਚਸਪੀ ਵਿਖਾ ਰਹੇ ਨੇ। ਕਿਉਂਕਿ ਜਲੰਧਰ ਪੱਛਮੀ ਚੋਣ ‘ਚ ਜੋ ਅਕਾਲੀ ਦਲ ਦਾ ਹਾਲ ਹੋਇਆ ਉਸ ਨਾਲ ਸਾਰੇ ਵਿਰੋਧੀਆਂ ਦੀ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਆਸ ਵੱਧ ਗਈ ਏ। ਧਾਰਮਿਕ ਚੋਣਾਂ ਨੂੰ ਲੈ ਕੇ ਸਿਆਸੀ ਸਫਾਂ ‘ਚ ਚਰਚਾਵਾਂ ਨੇ ਕਿ ਇਸ ਵਾਰ ਕਿਤੇ ਅਕਾਲੀ ਦਲ ਕੋਲੋਂ ਐੱਸਜੀਪੀਸੀ ਦਾ ਆਸਰਾ ਵੀ ਨਾ ਜਾਂਦਾ ਲੱਗੇ।