ED ਨੇ ਰਾਸ਼ਨ ਘਪਲਾ ਮਾਮਲੇ ‘ਚ ਬੋਨਗਾਂਵ ਨਗਰਪਾਲਿਕਾ ਦੇ ਸਾਬਕਾ ਚੇਅਰਮੈਨ ਸ਼ੰਕਰ ਆਧਿਆ ਨੂੰ ਰਾਸ਼ਨ ਘਪਲਾ ਮਾਮਲੇ ‘ਚ ਅੱਜ ਗ੍ਰਿਫਤਾਰ ਕੀਤਾ ਹੈ। ਸ਼ੰਕਰ ਦੀ ਗ੍ਰਿਫ਼ਤਾਰੀ ਤੜਕੇ ਸਵੇਰੇ ਹੋਈ। ਇਸ ਤੋਂ ਪਹਿਲਾਂ ਈਡੀ ‘ਤੇ ਬੰਗਾਲ ਵਿਚ ਹਮਲੇ ਦੀ ਘਟਨਾ ਸਾਹਮਣੇ ਆਈ ਸੀ।
ਈਡੀ ਸੂਬੇ ਦੇ ਰਾਸ਼ਨ ਘਪਲੇ ਦੇ ਮਾਮਲੇ ਵਿਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। 5 ਜਨਵਰੀ ਨੂੰ ਈਡੀ ਦੀ ਟੀਮ ‘ਤੇ ਉੱਤਰੀ 24 ਪਰਗਨਾ ਜ਼ਿਲ੍ਹੇ ‘ਚ ਉਸ ਸਮੇਂ ਹਮਲਾ ਹੋਇਆ, ਜਦੋਂ ਉਹ ਰਾਸ਼ਨ ਮਾਮਲੇ ਵਿਚ ਸ਼ੰਕਰ ਅਤੇ ਤ੍ਰਿਣਮੂਲ ਕਾਂਗਰਸ ਆਗੂ ਸ਼ੇਖ ਸ਼ਾਹਜਹਾਂ ਦੇ ਘਰਾਂ ‘ਤੇ ਛਾਪੇਮਾਰੀ ਕਰਨ ਜਾ ਰਹੇ ਸਨ।
ਈਡੀ ਅਧਿਕਾਰੀਆਂ ਅਨੁਸਾਰ ਤ੍ਰਿਣਮੂਲ ਕਾਂਗਰਸ ਨੇਤਾ ਦੇ ਸਮਰਥਕਾਂ ਨੇ ਨੇਤਾ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਛਾਪਾਮਾਰੀ ਚੱਲ ਰਹੀ ਸੀ ਅਤੇ ਬਾਅਦ ਵਿਚ ਇਕ ਭੀੜ ਨੇ ਈਡੀ ਅਧਿਕਾਰੀਆਂ ‘ਤੇ ਹਮਲਾ ਕੀਤਾ ਅਤੇ ਉਨ੍ਹਾਂ ਦੀਆਂ ਕਾਰਾਂ ਦੀ ਭੰਨਤੋੜ ਕੀਤੀ। ਜਿਸ ਨਾਲ ਕਾਰ ਦੇ ਸ਼ੀਸ਼ੇ ਟੁੱਟ ਗਏ। ਇਸ ਘਟਨਾ ‘ਚ ਏਜੰਸੀ ਦੇ ਦੋ ਅਧਿਕਾਰੀ ਜ਼ਖ਼ਮੀ ਹੋ ਗਏ। ਈਡੀ ਦੀ ਟੀਮ ‘ਤੇ ਹਮਲੇ ਮਗਰੋਂ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਸ਼ੇਖ ਸ਼ਾਹਜਹਾਂ ਨੂੰ ਸਾਬਕਾ ਖ਼ੁਰਾਕ ਮੰਤਰੀ ਜੋਤੀਪ੍ਰਿਅ ਮਲਿਕ ਦਾ ਕਰੀਬੀ ਮੰਨਿਆ ਜਾਂਦਾ ਹੈ।
ਦੱਸ ਦੇਈਏ ਕਿ ਵੀਰਵਾਰ ਨੂੰ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਦੇ ਪਿੰਡ ਸੰਦੇਸ਼ਖਲੀ ‘ਚ ਈਡੀ ਦੀ ਟੀਮ ਉੱਤੇ ਹਮਲਾ ਕੀਤਾ ਗਿਆ ਅਤੇ ਉਸ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਦਰਅਸਲ ਈਡੀ ਨੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ (TMC) ਦੇ ਬਲਾਕ ਪੱਧਰੀ ਨੇਤਾਵਾਂ ਦੇ ਘਰ ਛਾਪਾ ਮਾਰਨ ਦੀ ਕੋਸ਼ਿਸ਼ ਕੀਤੀ।
ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਛਾਪੇਮਾਰੀ ਰਾਸ਼ਨ ਘਪਲਾ ਮਾਮਲੇ ਨਾਲ ਸਬੰਧਤ ਸੀ। ਰਿਪੋਰਟਾਂ ਮੁਤਾਬਕ ਈਡੀ ਕਥਿਤ ਰਾਸ਼ਨ ਘਪਲਾ ਮਾਮਲੇ ‘ਚ ਬੋਨਗਾਂਵ ਨਗਰਪਾਲਿਕਾ ਦੇ ਸਾਬਕਾ ਚੇਅਰਮੈਨ ਸ਼ੰਕਰ ਅਧਿਆ ਅਤੇ TMC ਨੇਤਾ ਸ਼ੇਖ ਸ਼ਾਹਜਹਾਂ ਦੇ ਘਰ ‘ਤੇ ਛਾਪੇਮਾਰੀ ਕਰ ਰਹੀ ਸੀ।