ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਐਤਵਾਰ ਨੂੰ ਮੁੰਬਈ ਵਿੱਚ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਕਈ ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੂੰ ਹਿਰਾਸਤ ਵਿੱਚ ਲੈ ਲਿਆ। ਈਡੀ ਨੇ ਮਨੀ ਲਾਂਡਰਿੰਗ ਮਾਮਲੇ ‘ਚ ਮੁੰਬਈ ‘ਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਦੇ ਘਰ ‘ਤੇ ਛਾਪਾ ਮਾਰਿਆ ਸੀ। ਇਸ ਤੋਂ ਪਹਿਲਾਂ ਈਡੀ ਨੇ ਰਾਉਤ ਖ਼ਿਲਾਫ਼ ਕਈ ਸੰਮਨ ਜਾਰੀ ਕੀਤੇ ਸਨ, ਉਨ੍ਹਾਂ ਨੂੰ 27 ਜੁਲਾਈ ਨੂੰ ਵੀ ਸੰਮਨ ਜਾਰੀ ਕੀਤਾ ਗਿਆ ਸੀ।
ਈਡੀ) ਨੇ ਪਾਤਰਾ ਚਾਲ ਜ਼ਮੀਨੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਦੇ ਸਿਲਸਿਲੇ ’ਚ ਸ਼ਿਵ ਸੈਨਾ ਆਗੂ ਸੰਜੈ ਰਾਊਤ ਦੀ ਰਿਹਾਇਸ਼ ’ਤੇ ਛਾਪਾ ਮਾਰ ਕੇ ਨੌਂ ਘੰਟੇ ਤੱਕ ਕਾਰਵਾਈ ਕੀਤੀ ਅਤੇ ਰਾਊਤ ਨੂੰ ਦੱਖਣੀ ਮੁੰਬਈ ਸਥਿਤ ਏਜੰਸੀ ਦੇ ਦਫ਼ਤਰ ਲਿਜਾਣ ਤੋਂ ਪਹਿਲਾਂ ਉਨ੍ਹਾਂ ਤੋਂ ਪੁੱਛ-ਪੜਤਾਲ ਵੀ ਕੀਤੀ। ਸੰਜੈ ਰਾਊਤ ਨੂੰ ਜਦੋਂ ਈਡੀ ਦੀ ਟੀਮ ਆਪਣੇ ਨਾਲ ਲਿਜਾ ਰਹੀ ਸੀ ਤਾਂ ਰਾਊਤ ਦੇ ਬੰਗਲੇ ‘ਮੈਤਰੀ’ ਦੇ ਬਾਹਰ ਵੱਡੀ ਗਿਣਤੀ ’ਚ ਉਨ੍ਹਾਂ ਦੇ ਹਮਾਇਤੀ ਇਕੱਠੇ ਹੋ ਗਏ। ਸੰਜੈ ਰਾਊਤ ਨੇ ਆਪਣੇ ਸਮਰਥਕਾਂ ਵੱਲ ਦੇਖ ਕੇ ਹੱਥ ਵੀ ਹਿਲਾਇਆ। ਇਸ ਮੌਕੇ ਸੰਜੈ ਰਾਊਤ ਦੀ ਪਤਨੀ ਵਰਸ਼ਾ ਉਨ੍ਹਾਂ ਦੀ ਮਾਂ ਤੇ ਪਰਿਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਨਾਲ ਸਬੰਧਤ ਇਸ ਕੇਸ ਵਿੱਚ ਅੱਜ ਸਵੇਰੇ ਸੱਤ ਵਜੇ ਸ਼ਿਵ ਸੈਨਾ ਆਗੂ ਤੇ ਸੰਸਦ ਮੈਂਬਰ ਸੰਜੈ ਰਾਊਤ ਦੀ ਰਿਹਾਇਸ਼ ‘ਮੈਤਰੀ’ ’ਤੇ ਛਾਪਾ ਮਾਰਿਆ। ਈਡੀ ਦੇ ਅਧਿਕਾਰੀਆਂ ਨਾਲ ਸੀਆਰਪੀਐੱਫ ਦੇ ਸੁਰੱਖਿਆ ਕਰਮੀ ਵੀ ਸਨ। ਰਾਊਤ ਨੂੰ ਮੁੰਬਈ ਦੇ ਇੱਕ ਚਾਲ ਦੇ ਪੁਨਰ ਵਿਕਾਸ ਅਤੇ ਉਨ੍ਹਾਂ ਦੀ ਪਤਨੀ ਤੇ ਹੋਰ ਸਹਿਯੋਗੀਆਂ ਦੀ ਸ਼ਮੂਲੀਅਤ ਵਾਲੇ ਲੈਣ-ਦੇਣ ’ਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਕੇਸ ’ਚ ਪੁੱਛ-ਪੜਤਾਲ ਲਈ ਤਲਬ ਕੀਤਾ ਗਿਆ ਸੀ।
ਰਾਊਤ ਇਸ ਮਾਮਲੇ ’ਚ ਆਪਣਾ ਬਿਆਨ ਦੇਣ ਲਈ ਪਹਿਲੀ ਜੁਲਾਈ ਨੂੰ ਮੁੰਬਈ ’ਚ ਏਜੰਸੀ ਦੇ ਸਾਹਮਣੇ ਪੇਸ਼ ਹੋਏ ਸਨ। ਇਸ ਤੋਂ ਬਾਅਦ ਏਜੰਸੀ ਨੇ ਉਨ੍ਹਾਂ ਨੂੰ ਦੋ ਵਾਰ ਤਲਬ ਕੀਤਾ ਪਰ ਮੌਨਸੂਨ ਸੈਸ਼ਨ ’ਚ ਸ਼ਾਮਲ ਹੋਣ ਦਾ ਹਵਾਲਾ ਦੇ ਕੇ ਉਹ ਪੇਸ਼ ਨਾ ਹੋਏ। ਇਸ ਮਗਰੋਂ ਈਡੀ ਨੇ ਅੱਜ ਸਵੇਰੇ ਸੱਤ ਵਜੇ ਉਨ੍ਹਾਂ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਅਤੇ ਉੱਥੇ ਕਈ ਘੰਟੇ ਕਾਰਵਾਈ ਕਰਨ ਤੋਂ ਬਾਅਦ ਸ਼ਾਮ ਨੂੰ ਸੰਜੈ ਰਾਊਤ ਨੂੰ ਹਿਰਾਸਤ ਵਿੱਚ ਲੈ ਲਿਆ। ਈਡੀ ਵੱਲੋਂ ਮਾਰੇ ਗਏ ਛਾਪੇ ਦੌਰਾਨ ਵੱਡੀ ਗਿਣਤੀ ’ਚ ਸ਼ਿਵ ਸੈਨਾ ਵਰਕਰ ਰਾਊਤ ਦੀ ਰਿਹਾਇਸ਼ ਅੱਗੇ ਇਕੱਠੇ ਹੋਏ ਗਏ ਤੇ ਉਨ੍ਹਾਂ ਏਜੰਸੀ ਦੀ ਕਾਰਵਾਈ ਦਾ ਵਿਰੋਧ ਕੀਤਾ। ਪਾਰਟੀ ਵਰਕਰਾਂ ਨੇ ਭਗਵਾ ਰੰਗ ਦੇ ਝੰਡੇ ਤੇ ਬੈਨਰ ਲੈ ਕੇ ਏਜੰਸੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਰਾਊਤ ਨੇ ਘਰ ਦੀ ਖਿੜਕੀ ਤੋਂ ਆਪਣੇ ਸਮਰਥਕਾਂ ਵੱਲ ਹੱਥ ਵੀ ਹਿਲਾਇਆ। ਸੈਨਾ ਵਰਕਰਾਂ ਨੇ ਈਡੀ ਦੇ ਵਾਹਨਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਸਥਾਨਕ ਪੁਲੀਸ ਨੇ ਉਨ੍ਹਾਂ ਨੂੰ ਹਟਾ ਦਿੱਤਾ। ਸੰਜੈ ਰਾਊਤ ਦੇ ਛੋਟੇ ਭਰਾ ਤੇ ਵਿਧਾਇਕ ਸੁਨੀਲ ਰਾਊਤ ਇਸ ਸਮੇਂ ਪੁਲੀਸ ਨਾਲ ਬਹਿਸਦੇ ਦਿਖਾਈ ਦਿੱਤੇ। ਸੁਨੀਲ ਰਾਊਤ ਨੇ ਦਾਅਵਾ ਕੀਤਾ ਕਿ ਈਡੀ ਨੂੰ ਪਾਤਰਾ ਚਾਲ ਕੇਸ ’ਚ ਸੰਜੈ ਰਾਊਤ ਖ਼ਿਲਾਫ਼ ਕੋਈ ਵੀ ਸਬੂਤ ਨਹੀਂ ਮਿਲਿਆ ਹੈ। ਦੂਜੇ ਪਾਸੇ ਦੱਖਣੀ ਮੁੰਬਈ ਦੇ ਬਲਾਰਡ ਅਸਟੇਟ ਇਲਾਕੇ ’ਚ ਸਥਿਤ ਈਡੀ ਦੇ ਦਫਤਰ ਅੱਗੇ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ।