ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਪੰਜਾਬ, ਹਿਮਾਚਲ, ਉੱਤਰ ਪ੍ਰਦੇਸ਼, ਉਤਰਾਖੰਡ, ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ 15 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਪੰਜਾਬ ਦੇ ਜਲੰਧਰ ਦੇ ਦਿਓਲ ਨਗਰ ਅਤੇ ਤਰਨਤਾਰਨ ਵਿੱਚ ਵੀ ਕੀਤੀ ਗਈ। ਇਹ ਛਾਪੇਮਾਰੀ ਜਲੰਧਰ ਈਡੀ ਟੀਮ ਵੱਲੋਂ ਪੰਜਾਬ ਵਿੱਚ ਕੀਤੀ ਗਈ। ਇਸ ਦੇ ਨਾਲ ਹੀ ਜਲੰਧਰ ਈਡੀ ਵੱਲੋਂ ਦਰਜ ਕੀਤੇ ਗਏ ਇਸ ਮਾਮਲੇ ਦੇ ਆਧਾਰ ‘ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇੱਕੋ ਸਮੇਂ ਛਾਪੇਮਾਰੀ ਵੀ ਕੀਤੀ ਗਈ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨਾਲ ਜੁੜੇ ਸੂਤਰਾਂ ਨੇ ਇਸ ਛਾਪੇਮਾਰੀ ਦੀ ਪੁਸ਼ਟੀ ਕੀਤੀ ਹੈ। ਡਰੱਗ ਤਸਕਰੀ ਸਿੰਡੀਕੇਟ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 6 ਰਾਜਾਂ ਵਿੱਚ ਇੱਕੋ ਸਮੇਂ ਛਾਪੇ ਮਾਰੇ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਪੁਲਿਸ ਵੱਲੋਂ ਸਾਲ 2024 ਵਿੱਚ ਦਰਜ ਕੀਤੇ ਗਏ ਮਾਮਲੇ ਨੂੰ ਈਡੀ ਜਲੰਧਰ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਜਿਸਦੀ ਜਾਂਚ ਕਰਨ ਤੋਂ ਬਾਅਦ ਮੰਗਲਵਾਰ ਨੂੰ 15 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਤਹਿਤ ਦਰਜ ਇੱਕ ਮਾਮਲੇ ਤਹਿਤ ਕੀਤੀ ਗਈ ਹੈ। ਜਲੰਧਰ ਵਿੱਚ ਛਾਪੇਮਾਰੀ ਟਰਾਮਾਡੋਲ ਸਪਲਾਈ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਇੱਕ ਦੋਸ਼ੀ ਇਮਤਿਆਜ਼ ਸਲਮਾਨੀ ਦੇ ਦਿਓਲ ਨਗਰ ਸਥਿਤ ਘਰ ‘ਤੇ ਕੀਤੀ ਗਈ।
ਜਾਣਕਾਰੀ ਅਨੁਸਾਰ ਪਿਛਲੇ ਸਾਲ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (STF) ਨੇ NDPS ਐਕਟ ਦੇ ਤਹਿਤ FIR ਦਰਜ ਕੀਤੀ ਸੀ ਅਤੇ ਦੋ ਨਸ਼ਾ ਤਸਕਰਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਉਕਤ ਮਾਮਲੇ ਵਿੱਚ ਇੱਕ ਕਥਿਤ ਵਿਚੋਲੇ ਐਲੇਕਸ ਪਾਲੀਵਾਲ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਸੀ।
ਏਜੰਸੀ ਨੇ ਇਸ ਮਾਮਲੇ ਵਿੱਚ ਕੁਝ ਵਿਅਕਤੀਆਂ ਦੇ ਘਰਾਂ ਅਤੇ ਬਾਇਓਜੈਨੇਟਿਕ ਡਰੱਗਜ਼ ਪ੍ਰਾਈਵੇਟ ਲਿਮਟਿਡ, ਸੀਬੀ ਹੈਲਥਕੇਅਰ, ਸਮਾਈਲੈਕਸ ਫਾਰਮਾਕੈਮ ਡਰੱਗ ਇੰਡਸਟਰੀਜ਼, ਸੋਲ ਹੈਲਥ ਕੇਅਰ (ਆਈ) ਪ੍ਰਾਈਵੇਟ ਲਿਮਟਿਡ ਅਤੇ ਐਸਟਰ ਫਾਰਮਾ ਨਾਮਕ ਕੁਝ ਫਾਰਮਾਸਿਊਟੀਕਲ ਕੰਪਨੀਆਂ ਦੇ ਅਹਾਤਿਆਂ ‘ਤੇ ਛਾਪੇਮਾਰੀ ਕੀਤੀ ਸੀ। ਪਿਛਲੇ ਸਾਲ ਆਪਣੀ ਕਾਰਵਾਈ ਵਿੱਚ, ਪੰਜਾਬ ਪੁਲਿਸ ਨੇ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਨਸ਼ੀਲੇ ਪਦਾਰਥ ਬਣਾਉਣ ਲਈ ਵਰਤੀਆਂ ਜਾਣ ਵਾਲੀਆਂ ਵੱਡੀ ਮਾਤਰਾ ਵਿੱਚ ਫਾਰਮਾ ਦਵਾਈਆਂ ਜ਼ਬਤ ਕੀਤੀਆਂ ਸਨ।