ਦੇਸ਼ ਦੀਆਂ ਸਰਹੱਦਾਂ ‘ਤੇ ਲਗਾਤਾਰ ਡਰੋਨ ਨਜ਼ਰ ਆ ਰਹੇ ਹਨ। ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਜਾਰੀ ਰੱਖੇ ਹੋਏ ਹੈ। ਇਸ ਦੇ ਚੱਲਦੇ ਪਾਕਿਸਤਾਨ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਭਾਰਤ ਭੇਜ ਰਿਹਾ ਹੈ। ਬੀਤੀ ਰਾਤ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਦੋਰਾਂਗਲਾ ਇਲਾਕੇ ਵਿਚ ਪਾਕਿਸਤਾਨ ਵੱਲੋਂ ਡਰੋਨ ਭੇਜਿਆ ਗਿਆ।
ਦੇਰ ਰਾਤ ਪਾਕਿਸਤਾਨ ਡਰੋਨ ਲਗਭਗ 400 ਮੀਟਰ ਤੱਕ ਭਾਰਤੀ ਇਲਾਕੇ ਵਿਚ ਦਾਖ਼ਲ ਹੋ ਗਿਆ। ਡਰੋਨ ਦੀ ਆਵਾਜ਼ ਸੁਣਦੇ ਸਾਰ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਪੰਜ ਰਾਊਂਡ ਫਾਇਰਿੰਗ ਕੀਤੀ ਗਈ, ਜਿਸ ਨਾਲ ਡਰੋਨ ਵਾਪਸ ਚਲਾ ਗਿਆ। ਅੱਜ ਸਵੇਰੇ ਸੀਮਾ ਸੁਰੱਖਿਆ ਬਲ ਅਤੇ ਪੁਲਸ ਦੇ ਜਵਾਨਾਂ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ, ਜਿਸ ਦੌਰਾਨ ਅਜੇ ਤੱਕ ਕੋਈ ਇਤਰਾਜਯੋਗ ਚੀਜ਼ ਬਰਾਮਦ ਨਹੀਂ ਹੋਈ।