ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਸਹਾਇਕ ਪ੍ਰੋਫੈਸਰ ਡਾ. ਇਕਬਾਲ ਸਿੰਘ ਨੂੰ ਜੇਕਰ ‘ਐਵਾਰਡ ਮੈਨ’ ਕਹਿ ਲਿਆ ਜਾਵੇ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ ਕਿਉਂਕਿ ਉਸ ਨੂੰ ਵੱਖ ਵੱਖ ਪ੍ਰਾਪਤੀਆਂ ਦੇ ਕੌਮੀ ਤੇ ਕੌਮਾਂਤਰੀ 42 ਐਵਾਰਡ ਮਿਲਣ ਤੋਂ ਬਾਅਦ ਹੁਣ ਉਸ ਦੀ ਸਾਰੀ ਖੋਜ ਪ੍ਰਕ੍ਰਿਆ ਤੇ ਭਾਰਤ ਦਾ ਕੌਮੀ ਪੱਧਰ ਦਾ ‘ਰਾਸ਼ਟਰੀ ਪ੍ਰਤਿਭਾ ਐਵਾਰਡ’ ਦਿਲੀ ਦੇ ਤੀਨ ਮੂਰਤੀ ਭਵਨ ਵਿਚ ਦਿੱਤਾ ਗਿਆ ਹੈ।
ਇਹ ਸਨਮਾਨ ਭਾਰਤ ਭਰ ਵਿਚੋਂ 130 ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲਿਆਂ ਨੂੰ ਦਿੱਤਾ ਗਿਆ। ਡਾ. ਇਕਬਾਲ ਨੂੰ ਇਹ ਸਨਮਾਨ ‘ਰਿਸਰਚ ਸਾਇੰਸਟਿਸਟ’ ਵਜੋਂ ਕੀਤੀਆਂ ਖੋਜਾਂ ਦੇ ਅਧਾਰ ਤੇ ਦਿੱਤਾ ਗਿਆ।
ਇਹ ਐਵਾਰਡ ਆਲ ਇੰਡੀਆ ਰੇਡੀਓ ਦੀ ਸਰਪ੍ਰਸਤੀ ਵਿਚ ਕਰਵਾਏ ਗਏ ਗੈਰ ਸਰਕਾਰੀ ਸੰਸਥਾ ‘ਸ੍ਰੀ ਮਤੀ ਨਰਾਇਣੀ ਦੇਵੀ ਅਗਰਵਾਲ ਚੈਰੀਟੇਬਲ ਟਰੱਸਟ’ ਵੱਲੋਂ ਚਲਾਏ ਜਾ ਰਹੇ ‘ਗੋਲਡਨ ਸਪੈਰੋਸ’ ਵੱਲੋਂ ਤੀਨ ਮੂਰਤੀ ਭਵਨ ਵਿਚ ਦਿੱਤੇ ਗਏ ਹਨ। ਜਿਸ ਦਾ ਮੁੱਖ ਪ੍ਰਬੰਧ ਆਲ ਇੰਡੀਆ ਰੇਡੀਓ ਦੀ ਬ੍ਰੋਡਕਾਸਟਰ ਆਰਤੀ ਮਲਹੋਤਰਾ ਤੇ ਡਾ. ਤਿਲਕ ਤਨਵਰ ਨੇ ਕਰਦਿਆਂ ਇਹ ਸਨਮਾਨ ਪ੍ਰਦਾਨ ਕਰਾਉਣ ਵਿਚ ਮੁੱਖ ਭੂਮਿਕਾ ਨਿਭਾਈ।
ਸਨਮਾਨ ਦੇਣ ਲਈ ਬਾਲੀਵੁੱਡ ਦੀ ਐਕਟਰ ਸੁਧਾ ਚੰਦਰਨ, ਸੁਆਮੀ ਵਰਿੰਦਰਾਨੰਦਰ ਮਹਾਰਾਜ ਜੁਨਾ ਅਖਾੜਾ, ਆਦਿ ਹੋਰ ਕਈ ਸਾਰਿਆਂ ਨੇ ਸਮੁੱਚੇ ਤੌਰ ਤੇ ਪ੍ਰਦਾਨ ਕੀਤਾ। ਡਾ. ਇਕਬਾਲ ਨੇ ਦੱਸਿਆ ਕਿ ਮੈਨੂੰ ਇਸ ਤੋਂ ਪਹਿਲਾਂ ਕੌਮੀ ਤੇ ਕੌਮਾਤਰੀ ਪੱਧਰ ਦੇ 42 ਸਨਮਾਨ ਮਿਲ ਚੁੱਕੇ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਐਵਾਰਡ ਪਰਾਲੀ ਦੇ ਧੂੰਏ ਤੋਂ ਹੋਣ ਵਾਲੀਆਂ ਖਤਰਨਾਕ ਬਿਮਾਰੀਆਂ ਤੇ ਫਸਲਾਂ ਵਿਚ ਪਾਈਆਂ ਜਾਂਦੀਆਂ ਜ਼ਹਿਰਾਂ ਨਾਲ ਜਨ ਜੀਵਨ ਨੂੰ ਹੁੰਦੇ ਖਤਰਨਾਕ ਪ੍ਰਭਾਵ ਬਾਰੇ ਕੀਤੀਆਂ ਖੋਜਾਂ ਬਾਰੇ ਵੀ ਹਨ। ਡਾ. ਇਕਬਾਲ ਸਿੰਘ ਨੇ ਕਿਹਾ ਕਿ ਮੇਰੀ ਖੋਜ ਦਾ ਮੁੱਖ ਵਿਸ਼ਾ ਇਨਸਾਨੀ ਜ਼ਿੰਦਗੀਆਂ ਨੂੰ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਹੁੰਦਾ ਹੈ।