ਮੋਹਾਲੀ ਜ਼ਿਲੇ ਵਿੱਚ ਫੈਲਿਆ ਡਾਇਰਿਆ, ਡੇਢ ਦਰਜਨ ਤੋਂ ਵੱਧ ਮਾਮਲੇ ਆਏ ਸਾਹਮਣੇ ||Punjab News

0
30

ਮੋਹਾਲੀ ਜ਼ਿਲੇ ਵਿੱਚ ਫੈਲਿਆ ਡਾਇਰਿਆ, ਡੇਢ ਦਰਜਨ ਤੋਂ ਵੱਧ ਮਾਮਲੇ ਆਏ ਸਾਹਮਣੇ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਜੁਲਾਈ, 2024:ਡਿਪਟੀ ਕਮਿਸ਼ਨਰ  ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਸਾਹਮਣੇ ਆ ਰਹੇ ਡਾਇਰੀਆ ਤੇ ਹੈਜ਼ੇ ਕੇਸਾਂ ਦੇ ਮੱਦੇਨਜ਼ਰ ਲੋਕਾਂ ਨੂੰ ਪੀਣ ਵਾਲਾ ਪਾਣੀ ਉਬਾਲ ਕੇ ਜਾਂ ਕਲੋਰੀਨ ਨਾਲ ਸੋਧਿਆ ਪਾਣੀ ਹੀ ਪੀਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਬਚਾਅ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਹਨਾਂ ਬਿਮਾਰੀਆਂ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਜ਼ਿਲ੍ਹੇ ਵਿੱਚ ਹੈਜ਼ੇ ਦੇ ਇੱਕ ਕੇਸ ਸਮੇਤ ਡਾਇਰੀਆ ਦੇ 20 ਕੇਸ ਆਏ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਹੈਜ਼ੇ ਦੇ ਇੱਕ ਕੇਸ ਸਮੇਤ ਡਾਇਰੀਆ ਦੇ 08 ਮਰੀਜ਼ ਸਿਵਲ ਹਸਪਤਾਲ, ਮੋਹਾਲੀ ਵਿਖੇ ਇਲਾਜ ਅਧੀਨ ਹਨ।

ਇਹ ਵੀ ਪੜ੍ਹੋ: ‘ਵਿਜੀਲੈਂਸ ਬਿਊਰੋ ਨੇ ਪੀ.ਐਸ.ਆਈ.ਈ.ਸੀ. ਪਲਾਟ ਅਲਾਟਮੈਂਟ ਘੁਟਾਲੇ ’ਚ ਸ਼ਾਮਲ ਉੱਪ-ਮੰਡਲ ਇੰਜਨੀਅਰ ਨੂੰ ਕੀਤਾ ਗ੍ਰਿਫਤਾਰ

 

    ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਦੀਆਂ ਟੀਮਾਂ ਨਾਲ ਦੌਰਾ ਕੀਤਾ

ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਪ੍ਰਭਾਵਿਤ ਏਰੀਆ ਕੁੰਭੜਾ ਦਾ ਸਿਹਤ, ਨਗਰ ਨਿਗਮ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਦੀਆਂ ਟੀਮਾਂ ਨਾਲ ਦੌਰਾ ਕੀਤਾ ਅਤੇ ਹਦਾਇਤ ਕੀਤੀ ਕਿ ਜਦੋਂ ਤੱਕ ਰੀ-ਸੈਂਪਲਿੰਗ ਨਹੀਂ ਹੋ ਜਾਂਦੀ ਉਦੋਂ ਤੱਕ ਲੋਕਾਂ ਨੂੰ ਟੈਂਕਰ ਰਾਹੀਂ ਪਾਣੀ ਸਪਲਾਈ ਦਿੱਤੀ ਜਾਵੇ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਸ ਇਲਾਕੇ ਵਿੱਚ ਲੋਕਾਂ ਨੇ ਜ਼ਮੀਨਦੋਜ਼ ਪਾਣੀ ਦੀਆਂ ਟੈਂਕੀਆਂ ਬਣਾਈਆਂ ਹੋਈਆ ਹਨ, ਜਿਨ੍ਹਾਂ ਦੀ ਨਿਰੰਤਰ ਸਫ਼ਾਈ ਨਾ ਹੋਣ ਕਾਰਨ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਲੋਕ ਇਸ ਪਾਣੀ ਨੂੰ ਨਹਾਉਣ ਜਾਂ ਕੱਪੜੇ ਆਦਿ ਧੋਣ ਲਈ ਤਾਂ ਭਾਵੇਂ ਵਰਤ ਲੈਣ ਪਰ ਪੀਣ ਲਈ ਜਲ ਸਪਲਾਈ ਜਾਂ ਨਗਰ ਨਿਗਮ ਵੱਲੋਂ ਮੁੱਹਈਆ ਕਰਵਾਏ ਜਾ ਰਹੇ ਪਾਣੀ ਦੀ ਵਰਤੋਂ ਹੀ ਕਰਨ। ਲੋਕਾਂ ਨੂੰ ਆਪਣੀਆਂ ਇਨ੍ਹਾਂ ਜ਼ਮੀਨਦੋਜ਼ ਟੈਂਕੀਆਂ ਦੀ ਸਫ਼ਾਈ ਕਰਵਾਉਣ ਲਈ ਵੀ ਕਿਹਾ ਗਿਆ।

    ਸਾਵਧਾਨੀ ਵਰਤਣ ਦੀ ਜ਼ਰੂਰਤ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹੈਜ਼ੇ ਤੇ ਡਾਇਰੀਆ ਦੇ ਕੇਸ ਕਾਬੂ ਹੇਠ ਹਨ ਪਰ ਫਿਰ ਵੀ ਸਾਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਜ਼ਿਲ੍ਹੇ ਵਿੱਚ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਲਗਾਤਾਰ ਸੈਂਪਲ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਰਸਾਤ ਦੇ ਮੌਸਮ ਵਿੱਚ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਪੀਣ ਨਾਲ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿੱਥੇ-ਜਿੱਥੇ ਵੀ ਡਾਇਰੀਆ ਤੇ ਹੈਜ਼ੇ ਦੇ ਕੇਸ ਸਾਹਮਣੇ ਆ ਰਹੇ ਹਨ, ਉਥੇ ਪਹਿਲਾਂ ਜਾਰੀ ਪਾਣੀ ਦੀ ਸਪਲਾਈ ਬੰਦ ਕਰ ਕੇ, ਟੈਂਕਰਾਂ ਨਾਲ ਸਾਫ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਉਪਰੰਤ ਪਾਣੀ ਦੀ ਅਸ਼ੁੱਧਤਾ ਦਾ ਕਾਰਨ ਪਤਾ ਲਾ ਕੇ ਤੇ ਲੋੜੀਂਦੇ ਉਪਾਅ ਕਰਨ ਬਾਅਦ ਹੀ ਪਾਣੀ ਦੀ ਸਪਲਾਈ ਮੁੜ ਸ਼ੁਰੂ ਕੀਤੀ ਜਾਵੇ। ਇਸ ਦੇ ਨਾਲ ਨਾਲ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਉਬਾਲ ਕੇ ਹੀ ਪੀਣ ਅਤੇ ਪਾਣੀ ਵਾਲੀਆਂ ਟੈਂਕੀਆਂ ਵਿੱਚ ਕਲੋਰੀਨ ਦੀਆਂ ਗੋਲੀਆਂ ਜ਼ਰੂਰ ਪਾਉਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਾਇਰੀਆ ਤੇ ਹੈਜ਼ੇ ਦੇ ਕੇਸ ਕਾਬੂ ਹੇਠ ਤਾਂ ਹਨ ਪਰ ਸਾਫ਼ ਪਾਣੀ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਡੋਰ ਟੂ ਡੋਰ ਸਰਵੇਖਣ ਹੋਰ ਤੇਜ਼ ਕੀਤਾ ਜਾਵੇ।

ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ

ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਵੱਧ ਤੋਂ ਵੱਧ ਸਿਹਤ ਜਾਂਚ ਕੈਂਪ ਲਾਏ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਇਸ ਮੌਕੇ ਮੈਡੀਕਲ ਕੈਂਪ ਲਾ ਕੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਵੀ ਲਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)  ਸੋਨਮ ਚੌਧਰੀ, ਐੱਸ.ਡੀ.ਐਮ. ਮੋਹਾਲੀ ਦੀਪਾਂਕਰ ਗਰਗ, ਸਿਵਲ ਸਰਜਨ ਦਵਿੰਦਰ ਕੁਮਾਰ, ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਨਰੇਸ਼ ਬੱਤਾ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਰਮਦਨੀਪ ਸਿੰਘ, ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਹਰਮਨ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਸੁਭਾਸ਼  ਮੌਜੂਦ ਸਨ।

LEAVE A REPLY

Please enter your comment!
Please enter your name here