ਪਹਿਲਵਾਨ ਸਾਗਰ ਕਤਲਕਾਂਡ ਨਾਲ ਜੁੜੇ 2 ਹੋਰ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ। ਸਾਗਰ ਕਤਲਕਾਂਡ ਨੂੰ ਸ਼ਾਇਦ ਹੀ ਕੋਈ ਭੁੱਲਿਆ ਹੋਵੇਗਾ ਕਿਉਂਕਿ ਇਸ ਕਤਲਕਾਂਡ ਪਿੱਛੇ ਓਲੰਪਿਕ ਚੈਂਪੀਅਨ ਸੁਸ਼ੀਲ ਪਹਿਲਵਾਨ ਦਾ ਨਾਂ ਜੁੜਿਆ ਹੋਇਆ ਸੀ। ਇਸ ਮਾਮਲੇ ‘ਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਲਗਾਤਾਰ ਗ੍ਰਿਫਤਾਰੀਆਂ ਕਰ ਰਹੀ ਹੈ। ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਓਲੰਪੀਅਨ ਸੁਸ਼ੀਲ ਪਹਿਲਵਾਨ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਵੇਂ ਮੁਲਜ਼ਮਾਂ ਦੇ ਨਾਂ ਅੰਕਿਤ ਡਬਾਸ ਅਤੇ ਜੋਗਿੰਦਰ ਕਾਲਾ ਹਨ।
ਸਾਗਰ ਕਤਲਕਾਂਡ ਤੋਂ ਬਾਅਦ ਦੋਵੇਂ ਮੁਲਜ਼ਮ ਅੰਕਿਤ ਅਤੇ ਜੋਗਿੰਦਰ ਫਰਾਰ ਸਨ। ਹੁਣ ਤੱਕ ਦੋਵੇਂ ਪੁਲਿਸ ਤੋਂ ਭੱਜ ਰਹੇ ਸਨ। ਪੁਲਿਸ ਨੂੰ ਇਨਪੁਟ ਮਿਲਿਆ ਸੀ ਕਿ ਉਨ੍ਹਾਂ ਦੀ ਮੂਵਮੈਂਟ ਯੂਪੀ ਵਿੱਚ ਹੈ, ਜਿਸ ਤੋਂ ਬਾਅਦ ਦੋਵਾਂ ਨੂੰ ਯੂਪੀ ਦੇ ਬਾਗਪਤ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸਾਗਰ ਦੇ ਕਤਲ ਵਾਲੇ ਦਿਨ ਦੋਵੇਂ ਮੁਲਜ਼ਮਾਂ ਨੂੰ ਸੁਸ਼ੀਲ ਦੇ ਕਰੀਬੀ ਅਜੈ ਨੇ ਬੁਲਾਇਆ ਸੀ। ਦਾਅਵਾ ਹੈ ਕਿ ਇਹ ਦੋਵੇਂ ਮੁਲਜ਼ਮ ਸਾਗਰ ਧਨਖੜ ਦੇ ਕਤਲ ਵਿੱਚ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਪੁਲਿਸ ਨੇ ਫੜੇ ਗਏ ਦੋਵਾਂ ਦੋਸ਼ੀਆਂ ‘ਤੇ 50-50 ਹਜ਼ਾਰ ਰੁਪਏ ਦਾ ਇਨਾਮ ਐਲਾਨ ਕੀਤਾ ਸੀ। ਦੱਸ ਦੇਈਏ ਕਿ 5 ਮਈ 2021 ਨੂੰ ਸੁਸ਼ੀਲ ਪਹਿਲਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਛਤਰਸਾਲ ਸਟੇਡੀਅਮ ‘ਚ ਉਭਰਦੇ ਪਹਿਲਵਾਨ ਸਾਗਰ ਧਨਖੜ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਸਾਗਰ ਦੀ ਹਸਪਤਾਲ ‘ਚ ਮੌਤ ਹੋ ਗਈ ਸੀ। ਕ੍ਰਾਈਮ ਬ੍ਰਾਂਚ ਨੇ ਸਾਗਰ ਦੇ ਕਤਲ ਦੇ ਦੋਸ਼ ‘ਚ ਪਹਿਲਾਂ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।