ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ ਹਨ। ਦਿੱਲੀ ਦੇ ਸੀਐੱਮ ਕੇਜਰੀਵਾਲ ਦੋ ਦਿਨਾਂ ਲਈ ਪੰਜਾਬ ਦੌਰੇ ‘ਤੇ ਹਨ। ਉਹ ਅਮਲੋਹ ਵਿਖੇ ਪਹੁੰਚੇ ਤੇ ਉਨ੍ਹਾਂ ਨੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਨਾਲ ਮਿਲ ਕੇ ਅਮਲੋਹ ਵਿੱਚ ਘਰ-ਘਰ ਮੁਫਤ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਹੈ।
ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਲੋਕਾਂ ਦੇ ਘਰ ਰਾਸ਼ਨ ਲੈ ਕੇ ਪਹੁੰਚੇ।ਇਸਦੇ ਨਾਲ ਹੀ ਉਨ੍ਹਾਂ ਨੇ ਇਸ ਸਕੀਮ ਬਾਰੇ ਲੋਕਾਂ ਨੂੰ ਦੱਸਿਆ।ਇਸ ਸਕੀਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਹੁਣ ਤੋਂ ਹਰ ਮਹੀਨੇ ਖੁਦ ਲੋਕਾਂ ਦੇ ਘਰ ਰਾਸ਼ਨ ਪਹੁੰਚਾਉਣਗੇ।
ਇਸ ਸੰਬੰਧੀ ਕਿਹਾ ਗਿਆ ਕਿ ਜਿਸਨੂੰ ਆਟਾ ਚਾਹੀਦਾ ਹੈ ਉਸਨੂੰ ਆਟਾ ਦਿੱਤਾ ਜਾਵੇਗਾ ਅਤੇ ਜੋ ਚਾਵਲ ਚਾਹੁੰਦਾ ਹੈ ਉਸਨੂੰ ਚਾਵਲ ਦਿੱਤੇ ਜਾਣਗੇ। ਉਨ੍ਹਾਂ ਵਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਚੰਗੀ ਕੁਆਲਿਟੀ ਦਾ ਆਟਾ ਪੀਸਵਾ ਕੇ ਦੇਵੇਗੀ।
ਇਸ ਫੇਰੀ ਦੌਰਾਨ ਉਨ੍ਹਾਂ ਵਲੋਂ ਕੁਝ ਲੋਕਾਂ ਦੇ ਘਰਾਂ ‘ਚ ਰਾਸ਼ਨ ਦਿੱਤਾ ਗਿਆ ਤੇ ਫਿਰ ਉਹ ਖੰਨਾ ਲਈ ਰਵਾਨਾ ਹੋ ਗਏ। ਜਾਣਕਾਰੀ ਅਨੁਸਾਰ ਖੰਨਾ, ਲੁਧਿਆਣਾ ਵਿੱਚ ਕੇਜਰੀਵਾਲ ਦੇ ਨਾਲ ਸੀਐਮ ਭਗਵੰਤ ਮਾਨ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੀ ਤੀਜੀ ਰੈਲੀ ਕਰਨ ਜਾ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਉਹ ਹੁਸ਼ਿਆਰਪੁਰ ਅਤੇ ਸੰਗਰੂਰ ਵਿੱਚ ਰੈਲੀਆਂ ਕਰ ਚੁੱਕੇ ਹਨ।