ਵਿਦੇਸ਼ ‘ਚ ਲਗਾਤਾਰ ਭਾਰਤੀ ਨੌਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਨੌਜਵਾਨ ਅਨੇਕਾਂ ਹੀ ਸੁਪਨੇ ਲੈ ਕੇ ਵਿਦੇਸ਼ ਜਾ ਰਹੇ ਹਨ ਪਰ ਉੱਥੇ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਆਏ ਦਿਨ ਨੌਜਵਾਨ ਕਤਲ, ਸੜਕ ਹਾਦਸੇ ਤੇ ਵੱਖ -ਵੱਖ ਘਟਨਾਵਾਂ ‘ਚ ਆਪਣੀ ਜਾਨ ਗਵਾ ਰਹੇ ਹਨ। ਤਾਜ਼ਾ ਮਾਮਲਾ ਸਰਬੀਆ ਤੋਂ ਸਾਹਮਣੇ ਆਇਆ ਹੈ ਜਿਥੇ ਏਜੰਟਾਂ ਦੇ ਝੂਠੇ ਜਾਲ ‘ਚ ਫਸੇ ਨੌਜਵਾਨ ਦੀ ਸਰਬੀਆ ‘ਚ ਮੌਤ ਹੋ ਗਈ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ
ਮ੍ਰਿਤਕ ਦੀ ਪਛਾਣ ਸਾਹਿਲ ਕੁਮਾਰ (21) ਪੁੱਤਰ ਪ੍ਰੇਮ ਵਾਸੀ ਕੋਟਲੀ ਖੁਰਦ ਵਜੋਂ ਹੋਈ ਹੈ। ਮੌਤ ਦੀ ਸੂਚਨਾ ਮਿਲਦੇ ਹੀ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ। ਸਾਹਿਲ ਦੇ ਪਿਤਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦਸੂਹਾ ਦੇ ਰਹਿਣ ਵਾਲੇ ਦੋ ਅਤੇ ਪਟਿਆਲਾ ਦੇ ਏਜੰਟ ਦੇ ਇਕ ਵਿਅਕਤੀ ਨੇ ਪੁੱਤਰ ਸਾਹਿਲ ਨੂੰ ਪੁਰਤਗਾਲ ਭੇਜਣ ਦੇ ਨਾਂ ‘ਤੇ 12 ਲੱਖ ਰੁਪਏ ਦੀ ਰਕਮ ਤੈਅ ਕੀਤੀ ਸੀ।
ਇਹ ਵੀ ਪੜ੍ਹੋ: ਕੈਨੇਡਾ ‘ਚ ਪੰਜਾਬਣ ਦੀ ਸੜਕ ਹਾਦਸੇ ‘ਚ ਹੋਈ ਮੌਤ
ਜਿਸ ਤੋਂ ਬਾਅਦ ਬੇਟੇ ਦੀ ਫਲਾਈਟ ਇਸ ਸਾਲ 4 ਜੂਨ ਨੂੰ ਹੋਈ ਸੀ। ਜਿੱਥੋਂ ਪਹਿਲਾਂ ਪੁੱਤਰ ਦੁਬਈ ਚਲਾ ਗਿਆ। ਇਸ ਤੋਂ ਬਾਅਦ ਉਸ ਨੂੰ ਸਰਬੀਆ ਭੇਜ ਦਿੱਤਾ ਗਿਆ। ਸਰਬੀਆ ਪਹੁੰਚਣ ਤੋਂ ਬਾਅਦ ਬੇਟੇ ਨੂੰ 4 ਮਹੀਨੇ ਤੱਕ ਉੱਥੇ ਇਕ ਕੈਂਪ ਵਿੱਚ ਰੱਖਿਆ ਗਿਆ। ਪੁਰਤਗਾਲ ਨੂੰ ਭੇਜਣ ਬਾਰੇ ਅਸੀਂ ਕਈ ਵਾਰ ਏਜੰਟਾਂ ਨਾਲ ਗੱਲ ਕੀਤੀ ਪਰ ਏਜੰਟ ਸਾਨੂੰ ਭਰੋਸਾ ਦਿੰਦੇ ਰਹੇ।
ਇਕ ਦਿਨ ਸਾਨੂੰ ਨੌਸਰਬਾਜ਼ ਦਾ ਫੋਨ ਆਇਆ ਕਿ ਤੁਹਾਡੇ ਪੁੱਤਰ ਨੂੰ ਅੱਗੇ ਭੇਜਣ ਲਈ ਹੋਰ ਪੈਸੇ ਦੀ ਲੋੜ ਪਵੇਗੀ। ਜਿਸ ਤੋਂ ਬਾਅਦ ਉਸ ਵੱਲੋਂ ਮੰਗੀ ਗਈ 7 ਲੱਖ ਦੀ ਰਕਮ ਉਸ ਨੂੰ ਹੋਰ ਦੇ ਦਿੱਤੀ ਗਈ। ਕੁਝ ਮਹੀਨਿਆਂ ਬਾਅਦ ਮੈਂ ਆਪਣੇ ਬੇਟੇ ਨਾਲ ਗੱਲ ਨਹੀਂ ਕਰ ਸਕਿਆ ਤੇ ਉਸ ਦਾ ਫੋਨ ਵੀ ਬੰਦ ਆਉਣ ਲੱਗਾ ਸੀ।
ਏਜੰਟ ਨਾਲ ਗੱਲ ਕੀਤੀ ਗਈ ਪਰ ਉਹ ਵੀ ਸਾਨੂੰ ਧਮਕੀਆਂ ਦੇਣ ਲੱਗੇ, ਜਿਸ ਤੋਂ ਬਾਅਦ ਅਸੀਂ ਸਰਬੀਆ ‘ਚ ਲਾਪਤਾ ਹੋਏ ਆਪਣੇ ਨੌਜਵਾਨ ਦੀ ਵੀਡੀਓ ਫੇਸਬੁੱਕ ‘ਤੇ ਵਾਇਰਲ ਕਰ ਦਿੱਤੀ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਸਰਬੀਆ ਤੋਂ ਸਾਨੂੰ ਫੋਨ ਆਇਆ ਕਿ ਤੁਹਾਡੇ ਮੁੰਡੇ ਦੀ ਮੌਤ ਹੋ ਗਈ ਹੈ। ਪੁੱਤ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੀ ਲਾਸ਼ ਨੂੰ ਸਰਬੀਆ ਤੋਂ ਕਢਵਾ ਕੇ ਵਾਰਸਾਂ ਹਵਾਲੇ ਕੀਤਾ ਜਾਵੇ।