ਸਿਆਚਿਨ ‘ਚ ਜਾਨ ਗਵਾਉਣ ਵਾਲੇ ਸ਼ਹੀਦ ਲਾਂਸ ਨਾਇਕ ਚੰਦਰਸ਼ੇਖਰ ਹਰਬੋਲਾ ਦੀ ਮ੍ਰਿਤਕ ਦੇਹ 38 ਸਾਲ ਬਾਅਦ ਮੰਗਲਵਾਰ ਨੂੰ ਉਨ੍ਹਾਂ ਦੇ ਘਰ ਪਹੁੰਚੇਗੀ। ਉਹ 19 ਕੁਮਾਉਂ ਰੈਜੀਮੈਂਟ ਨਾਲ ਜੁੜੇ ਹੋਏ ਸੀ। 29 ਮਈ 1984 ਨੂੰ ਸਿਆਚਿਨ ਵਿੱਚ ਆਪਰੇਸ਼ਨ ਮੇਘਦੂਤ ਦੌਰਾਨ ਉਹ ਬਰਫ਼ ਦੇ ਤੋਦੇ ਦਾ ਸ਼ਿਕਾਰ ਹੋ ਗਏ। ਉਸ ਸਮੇਂ ਉਨ੍ਹਾਂ ਦਾ ਸ਼ਵ ਨਹੀਂ ਮਿਲਿਆ ਸੀ। ਉਸ ਸਮੇਂ ਤੋਂ ਹੀ ਉਨ੍ਹਾਂ ਦੀ ਤਲਾਸ਼ ਜਾਰੀ ਸੀ।
13 ਅਗਸਤ ਨੂੰ ਚੰਦਰਸ਼ੇਖਰ ਦੀ ਮ੍ਰਿਤਕ ਦੇਹ ਦੀ ਸੂਚਨਾ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ। ਮੰਗਲਵਾਰ ਨੂੰ ਉਨ੍ਹਾਂ ਦੀ ਦੇਹ ਨੂੰ ਉਤਰਾਖੰਡ ਦੇ ਹਲਦਵਾਨੀ ਲਿਆਂਦਾ ਜਾਵੇਗਾ, ਜਿੱਥੇ ਫੌਜੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਉੱਤਰਾਖੰਡ ਦੇ ਅਲਮੋੜਾ ਦੇ ਦਵਾਰਹਾਟ ਦੇ ਹਥੀਗੁਰ ਬਿੰਟਾ ਦੇ ਰਹਿਣ ਵਾਲੇ ਚੰਦਰਸ਼ੇਖਰ ਦੀ ਉਮਰ ਉਸ ਸਮੇਂ 28 ਸਾਲ ਸੀ। ਉਹ 15 ਦਸੰਬਰ 1971 ਨੂੰ ਕੁਮਾਉਂ ਰੈਜੀਮੈਂਟ ਸੈਂਟਰ ਰਾਣੀਖੇਤ ਤੋਂ ਭਰਤੀ ਹੋਏ ਸੀ। ਹਰਬੋਲਾ ਦੀ ਸ਼ਹਾਦਤ ਸਮੇਂ ਉਨ੍ਹਾਂ ਦੀ ਵੱਡੀ ਬੇਟੀ ਦੀ ਉਮਰ 8 ਸਾਲ ਅਤੇ ਛੋਟੀ ਬੇਟੀ ਦੀ ਉਮਰ 4 ਸਾਲ ਦੇ ਕਰੀਬ ਸੀ।
1984 ਵਿੱਚ ਸਿਆਚਿਨ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੜਾਈ ਹੋਈ ਸੀ। ਭਾਰਤੀ ਫੌਜ ਨੇ 13 ਅਪ੍ਰੈਲ 1984 ਨੂੰ ਸਿਆਚਿਨ ਗਲੇਸ਼ੀਅਰ ‘ਤੇ ਆਪ੍ਰੇਸ਼ਨ ਮੇਘਦੂਤ ਦੀ ਸ਼ੁਰੂਆਤ ਕੀਤੀ। ਚੰਦਰਸ਼ੇਖਰ ਉਸ ਟੀਮ ਦਾ ਹਿੱਸਾ ਸੀ ਜਿਸ ਨੂੰ ਪੁਆਇੰਟ 5965 ‘ਤੇ ਕਬਜ਼ਾ ਕਰਨ ਲਈ ਭੇਜਿਆ ਗਿਆ ਸੀ। ਇੱਕ 19 ਮੈਂਬਰੀ ਗਸ਼ਤ ਟੀਮ ਬਰਫ਼ ਦੇ ਤੋਦੇ ਦੀ ਲਪੇਟ ਵਿੱਚ ਆਉਣ ਕਾਰਨ ਲਾਪਤਾ ਹੋ ਗਈ ਸੀ। ਬਾਅਦ ਵਿੱਚ 14 ਦੀਆਂ ਲਾਸ਼ਾਂ ਮਿਲੀਆਂ, ਪਰ 5 ਦਾ ਪਤਾ ਨਹੀਂ ਲੱਗ ਸਕਿਆ।
ਹਾਲ ਹੀ ਵਿੱਚ ਜਦੋਂ ਸਿਆਚਿਨ ਗਲੇਸ਼ੀਅਰ ਦੀ ਬਰਫ਼ ਪਿਘਲਣੀ ਸ਼ੁਰੂ ਹੋਈ ਤਾਂ ਇੱਕ ਵਾਰ ਫਿਰ ਗੁਆਚੇ ਸੈਨਿਕਾਂ ਦੀ ਭਾਲ ਸ਼ੁਰੂ ਕੀਤੀ ਗਈ। ਇਸ ਕੋਸ਼ਿਸ਼ ਦੌਰਾਨ 13 ਅਗਸਤ ਨੂੰ ਇੱਕ ਹੋਰ ਸਿਪਾਹੀ ਲਾਂਸ ਨਾਇਕ ਚੰਦਰਸ਼ੇਖਰ ਹਰਬੋਲਾ ਦੀ ਲਾਸ਼ ਗਲੇਸ਼ੀਅਰ ‘ਤੇ ਇੱਕ ਪੁਰਾਣੇ ਬੰਕਰ ਵਿੱਚ ਮਿਲੀ। ਹਰਬੋਲਾ ਦੀ ਪਛਾਣ ਉਸ ਦੇ ਡਿਸਕ ਨੰਬਰ ਤੋਂ ਹੋਈ ਸੀ। ਇਹ ਉਹੀ ਨੰਬਰ ਹੈ ਜੋ ਉਸ ਨੂੰ ਫੌਜ ਨੇ ਦਿੱਤਾ ਹੈ। ਹਰਬੋਲਾ ਦੀ ਡਿਸਕ ‘ਤੇ ਨੰਬਰ (4164584) ਲਿਖਿਆ ਹੋਇਆ ਸੀ।