ਕੇਂਦਰ ਦੇ ਪ੍ਰਪੋਜ਼ਲ ਤੋਂ ਬਆਦ ਮੰਨ ਗਏ ਡੱਲੇਵਾਲ, ਮੈਡੀਕਲ ਟ੍ਰੀਟਮੈਂਟ ਲੈਣ ਲਈ ਹੋਏ ਰਾਜ਼ੀ
ਪੰਜਾਬ ਅਤੇ ਹਰਿਆਣਾ ਦਰਮਿਆਨ ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੇਂਦਰ ਸਰਕਾਰ ਨੇ 14 ਫਰਵਰੀ ਨੂੰ ਸ਼ਾਮ 5 ਵਜੇ ਚੰਡੀਗੜ੍ਹ ’ਚ ਬੈਠਕ ਕਰਨ ਦਾ ਸੱਦਾ ਦਿਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਕੇਂਦਰ ਸਰਕਾਰ MSP ਉੱਤੇ ਕਾਨੂੰਨੀ ਗਾਰੰਟੀ ਅਤੇ ਹੋਰ ਮੰਗਾਂ ਲਈ ਚਰਚਾ ਕਰਨ ਨੂੰ ਤਿਆਰ ਹੋ ਗਈ ਹੈ ਅਤੇ ਕਿਸਾਨਾਂ ਨੇ ਮੀਟਿੰਗ ਦਾ ਸੱਦਾ ਕਬੂਲ ਕਰ ਲਿਆ ਹੈ।
ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੂੰ ਦੋਵੇਂ ਮੋਰਚਿਆਂ ਦੇ ਆਗੂਆਂ ਨੇ ਡਾਕਟਰੀ ਇਲਾਜ ਲੈਣ ਦੀ ਅਪੀਲ ਕੀਤੀ। ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਕਿ ਦਿੱਲੀ ਚੋਣਾਂ ਕਾਰਨ ਸਰਕਾਰ ਕਹਿ ਰਹੀ ਹੈ ਕਿ ਉਹ ਚੋਣ ਜ਼ਾਬਤੇ ਲਗਿਆ ਹੋਣ ਕਰਕੇ ਐਲਾਨ ਨਹੀਂ ਕਰ ਸਕਦੇ। ਸੱਦਾ ਪ੍ਰਾਪਤ ਹੋਣ ਮਗਰੋਂ ਕਿਸਾਨ ਆਗੂਆਂ ਨੇ ਇਸ ਬਾਰੇ ਡੱਲੇਵਾਲ ਨੂੰ ਮੁੜ ਅਪੀਲ ਕੀਤੀ ਜਿਸ ਤੋਂ ਬਾਅਦ ਉਹ ਡਾਕਟਰੀ ਸਹਾਇਤਾ ਲੈਣ ਲਈ ਤਾਂ ਰਾਜ਼ੀ ਹੋ ਗਏ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਰਨ ਵਰਤ ਜਾਰੀ ਰਹੇਗਾ। ਮਰਨ ਵਰਤ ’ਤੇ ਬੈਠੈ 121 ਕਿਸਾਨਾਂ ਹੋਰ ਬਾਰੇ ਫੈਸਲਾ ਐਤਵਾਰ ਨੂੰ ਕੀਤਾ ਜਾਵੇਗਾ।
BSF-ਪੰਜਾਬ ਪੁਲਿਸ ਦੀ ਉੱਚ ਪੱਧਰੀ ਮੀਟਿੰਗ, ਡਰੋਨਾਂ ਦੀ ਰੋਕਥਾਮ ਲਈ ਬਣਾਈ ਰਣਨੀਤੀ
ਕੋਟੜਾ ਦਾ ਇਹ ਬਿਆਨ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਦੋ ਘੰਟੇ ਚੱਲੀ ਬੈਠਕ ਅਤੇ ਕਿਸਾਨ ਆਗੂਆਂ ਦੀ ਆਪਸੀ ਬੈਠਕ ਤੋਂ ਬਾਅਦ ਆਇਆ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਇਕ ਵਫ਼ਦ ਨੇ ਪਿਛਲੇ 54 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਪੁਛਿਆ ।
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ ਕਿਸਾਨ ਪਿਛਲੇ ਸਾਲ 13 ਫ਼ਰਵਰੀ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਡੇਰਾ ਲਾਏ ਹੋਏ ਹਨ। ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਅਪਣੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਸਮੇਤ ਅਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਮਾਰਚ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਸਰਹੱਦ ’ਤੇ ਡੇਰਾ ਲਾਇਆ ਹੋਇਆ ਸੀ।
ਡੱਲੇਵਾਲ ਦੀ ਹਾਲਤ ਨਾਜ਼ੁਕ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਕਨਵੀਨਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ ਸਾਲ 26 ਨਵੰਬਰ ਤੋਂ ਖਨੌਰੀ ਬਾਰਡਰ ’ਤੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਹਨ। ਕਿਸਾਨਾਂ ਨੇ ਪਹਿਲਾਂ ਕਿਹਾ ਸੀ ਕਿ ਡੱਲੇਵਾਲ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਦਾ ਭਾਰ 20 ਕਿਲੋ ਤੋਂ ਵਧ ਘਟ ਚੁਕਿਆ ਹੈ ਅਤੇ ਉਨ੍ਹਾਂ ਨੇ ਅਪਣੀ ਭੁੱਖ ਹੜਤਾਲ ਦੌਰਾਨ ਡਾਕਟਰੀ ਸਹਾਇਤਾ ਲੈਣ ਤੋਂ ਵੀ ਇਨਕਾਰ ਕਰ ਦਿਤਾ ਸੀ।