ਹਰਿਆਣਾ ‘ਚ ਕੱਲ੍ਹ ਹੋਵੇਗੀ ਵੋਟਾਂ ਦੀ ਗਿਣਤੀ, ਸਟਰਾਂਗ ਰੂਮ ਦੇ ਬਾਹਰ ਕਾਂਗਰਸੀਆਂ ਨੇ ਲਗਾਇਆ ਡੇਰਾ
ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਤੋਂ ਬਾਅਦ 8 ਅਕਤੂਬਰ ਨੂੰ ਗਿਣਤੀ ਹੋਵੇਗੀ। ਅੱਜ ਇਸ ਸਬੰਧੀ ਰਿਹਰਸਲ ਵੀ ਹੋਵੇਗੀ। EVM ਮਸ਼ੀਨਾਂ ਨੂੰ 53 ਸਟਰਾਂਗ ਰੂਮਾਂ ਵਿੱਚ ਰੱਖਿਆ ਗਿਆ ਹੈ। ਈਵੀਐਮ ਨੂੰ ਸੁਰੱਖਿਅਤ ਰੱਖਣ ਲਈ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਪੁਲਿਸ ਅਧਿਕਾਰੀ ਕਿਸ਼ਨ ਚੰਦ ਨੇ ਦੱਸਿਆ ਕਿ ਪਹਿਲੀ ਪਰਤ ਵਿੱਚ ਆਈਟੀਬੀਪੀ, ਦੂਜੀ ਪਰਤ ਵਿੱਚ ਹਥਿਆਰਬੰਦ ਬਲ ਅਤੇ ਤੀਜੀ ਪਰਤ ਵਿੱਚ ਹਰਿਆਣਾ ਪੁਲਿਸ ਦੇ ਮੁਲਾਜ਼ਮ ਹਨ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਰਾਹੀਂ ਹਰ ਸਟਰਾਂਗ ਰੂਮ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਸੀਸੀਟੀਵੀ ਰਾਹੀਂ ਸਾਰੀ ਸਥਿਤੀ ’ਤੇ ਰੱਖ ਰਹੇ ਨਜ਼ਰ
ਵਿਧਾਨ ਸਭਾ ਚੋਣਾਂ ਲੜ ਰਹੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਅਧਿਕਾਰਤ ਏਜੰਟ ਵੀ ਕੰਟਰੋਲ ਰੂਮ ਵਿੱਚ ਲੱਗੇ ਸੀਸੀਟੀਵੀ ਰਾਹੀਂ ਸਾਰੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਕਈ ਜ਼ਿਲ੍ਹਿਆਂ ਵਿੱਚ ਕਾਂਗਰਸ ਅਤੇ ਹੋਰ ਪਾਰਟੀਆਂ ਨੇ ਵੀ ਈਵੀਐਮ ਦੀ ਸੁਰੱਖਿਆ ਨੂੰ ਲੈ ਕੇ ਆਪਣੇ ਪੱਧਰ ’ਤੇ ਪ੍ਰਬੰਧ ਕੀਤੇ ਹਨ। ਕੁਝ ਉਮੀਦਵਾਰਾਂ ਦੇ ਵਰਕਰ ਸਟਰਾਂਗ ਰੂਮ ਦੇ ਬਾਹਰ ਟੈਂਟ ਲਗਾ ਕੇ ਹੀ ਬੈਠ ਗਏ ਹਨ। ਇਸ ਵਿੱਚ ਲਾਡਵਾ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਮੇਵਾ ਸਿੰਘ ਦੇ ਵਰਕਰ ਵੀ ਸ਼ਾਮਲ ਹਨ।
ਐਗਜ਼ਿਟ ਪੋਲ ‘ਚ ਕਾਂਗਰਸ ਨੂੰ ਪੂਰਨ ਬਹੁਮਤ
5 ਅਕਤੂਬਰ ਦੀ ਸ਼ਾਮ ਨੂੰ ਜਾਰੀ ਐਗਜ਼ਿਟ ਪੋਲ ‘ਚ ਕਾਂਗਰਸ ਨੂੰ ਪੂਰਨ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਕਾਰਜਕਾਰੀ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਭਾਜਪਾ ਇਕੱਲਿਆਂ ਹੀ ਸਰਕਾਰ ਬਣਾਏਗੀ, ਪਰ ਜੇਕਰ ਗਠਜੋੜ ਦੀ ਲੋੜ ਪਈ ਤਾਂ ਅਸੀਂ ਇਸ ‘ਤੇ ਵਿਚਾਰ ਕਰਾਂਗੇ। ਸਾਡੇ ਕੋਲ ਸਾਰੇ ਪ੍ਰਬੰਧ ਹਨ। ਕੈਥਲ ਦੇ ਸਟਰਾਂਗ ਰੂਮ ਦੇ ਬਾਹਰ ਕਾਂਗਰਸੀ ਵਰਕਰਾਂ ਨੇ ਡੇਰੇ ਲਾਏ ਹੋਏ ਹਨ। ਕਾਰਕੁਨਾਂ ਦਾ ਕਹਿਣਾ ਹੈ ਕਿ ਉਹ ਸਟਰਾਂਗ ਰੂਮ ‘ਤੇ ਨਜ਼ਰ ਰੱਖ ਰਹੇ ਹਨ ਅਤੇ ਸਰਕਾਰ ਦੇ ਇਸ਼ਾਰੇ ‘ਤੇ ਈਵੀਐਮ ਨਾਲ ਛੇੜਛਾੜ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਚੌਕਸ ਹਨ। ਹਾਲਾਂਕਿ ਕਈ ਜ਼ਿਲ੍ਹਿਆਂ ਵਿੱਚ ਸਿਆਸੀ ਪਾਰਟੀਆਂ ਦੇ ਵਰਕਰ ਸਟਰਾਂਗ ਰੂਮ ਦੇ ਕੰਟਰੋਲ ਰੂਮ ਤੋਂ ਆਪਣਾ ਕੰਮ ਚਲਾ ਰਹੇ ਹਨ।
ਵੋਟਾਂ ਦੀ ਗਿਣਤੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ
ਪ੍ਰਸ਼ਾਸਨ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਸਟਰਾਂਗ ਰੂਮਾਂ ਦੀ ਸੁਰੱਖਿਆ ਸਖ਼ਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਈਵੀਐਮ ਹੁਣ 8 ਅਕਤੂਬਰ ਨੂੰ ਹੀ ਗਿਣਤੀ ਲਈ ਸਟਰਾਂਗ ਰੂਮ ਤੋਂ ਬਾਹਰ ਕੱਢੀਆਂ ਜਾਣਗੀਆਂ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਵੋਟਾਂ ਦੀ ਗਿਣਤੀ ਦੀਆਂ ਸਾਰੀਆਂ ਤਿਆਰੀਆਂ ਵੀ ਕਰ ਲਈਆਂ ਗਈਆਂ ਹਨ।
ਇਹ ਵੀ ਪੜ੍ਹੋ : ਸਰਪੰਚ ਦੀ ਨਾਮਜ਼ਦਗੀ ਭਰਨ ਗਏ ਦੋ ਧੜਿਆਂ ਵਿੱਚ ਹੋਈ ਖੂਨੀ ਝੜਪ, ਇੱਕ ਔਰਤ ਦੀ ਮੌਤ, ਦੋ ਜ਼ਖਮੀ
ਕੀ ਹੁੰਦਾ ਹੈ ਸਟਰਾਂਗ ਰੂਮ ?
ਚੋਣਾਂ ਵਿੱਚ ਵੋਟ ਪਾਉਣ ਤੋਂ ਬਾਅਦ ਇੱਥੇ ਈਵੀਐਮ ਅਤੇ ਵੀਵੀਪੀਏਟੀ ਮਸ਼ੀਨਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਹੋ ਸਕੇ। ਇਸਨੂੰ ਸਟਰਾਂਗ ਰੂਮ ਕਿਹਾ ਜਾਂਦਾ ਹੈ ਕਿਉਂਕਿ ਇੱਕ ਵਾਰ ਮਸ਼ੀਨ ਅੰਦਰ ਚਲੀ ਜਾਂਦੀ ਹੈ ਤਾਂ ਇੱਕ ਪੰਛੀ ਵੀ ਉਸ ਕਮਰੇ ਵਿੱਚ ਨਹੀਂ ਜਾ ਸਕਦਾ। ਇਸ ਕਮਰੇ ਵਿੱਚ ਸਿਰਫ਼ ਸੁਰੱਖਿਆ ਕਰਮਚਾਰੀਆਂ ਨੂੰ ਹੀ ਦਾਖ਼ਲ ਹੋਣ ਦੀ ਇਜਾਜ਼ਤ ਹੈ। ਇਹ ਮਸ਼ੀਨਾਂ ਗਿਣਤੀ ਵਾਲੇ ਦਿਨ ਹੀ ਬਾਹਰ ਕੱਢੀਆਂ ਜਾਂਦੀਆਂ ਹਨ।