ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਵੋਟਾਂ ਦੀ ਗਿਣਤੀ ਕੱਲ੍ਹ 23 ਜੂਨ ਨੂੰ ਸਵੇਰੇ 7 ਵਜੇ ਸ਼ੁਰੂ ਹੋਵੇਗੀ। ਰੁਝਾਨ ਸਵੇਰੇ 9 ਵਜੇ ਤੋਂ ਆਉਣੇ ਸ਼ੁਰੂ ਹੋ ਜਾਣਗੇ। ਗਿਣਤੀ ਕੁੱਲ 14 ਦੌਰਾਂ ਵਿੱਚ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਵੋਟਾਂ ਦੀ ਗਿਣਤੀ ਲਈ ਕੁੱਲ 5 ਤੋਂ 7 ਟੇਬਲ ਲਗਾਏ ਜਾ ਰਹੇ ਹਨ। ਖਾਲਸਾ ਕਾਲਜ ਫਾਰ ਵੂਮੈਨ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ।
ਗੁਰਪ੍ਰੀਤ ਗੋਗੀ ਤੋਂ ਬਾਅਦ ਹੁਣ ਪੱਛਮੀ ਹਲਕੇ ਨੂੰ ਕੱਲ੍ਹ ਆਪਣਾ ਨਵਾਂ ਵਿਧਾਇਕ ਮਿਲ ਜਾਵੇਗਾ।
ਜ਼ਿਲ੍ਹਾ ਚੋਣ ਅਧਿਕਾਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਸ਼ਾਂਤੀਪੂਰਨ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੋਸਟਲ ਬੈਲਟ ਅਤੇ ਈਵੀਐਮ ਦੀ ਗਿਣਤੀ ਚੋਣ ਨਿਗਰਾਨਾਂ, ਉਮੀਦਵਾਰਾਂ ਅਤੇ ਉਨ੍ਹਾਂ ਦੇ ਅਧਿਕਾਰਤ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਹੋਵੇਗੀ।
ਗਿਣਤੀ ਕੇਂਦਰਾਂ ‘ਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ ਅਤੇ ਹਰ ਗਤੀਵਿਧੀ ‘ਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ। ਈਵੀਐਮ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਇਸਤੋਂ ਇਲਾਵਾ ਜੈਨ ਨੇ ਕਿਹਾ ਸੀ ਕਿ ਗਿਣਤੀ ਕੇਂਦਰਾਂ ਵਿੱਚ ਸਿਰਫ਼ ਅਧਿਕਾਰਤ ਲੋਕਾਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ। ਜਿਵੇਂ ਕਿ ਉਮੀਦਵਾਰ, ਉਨ੍ਹਾਂ ਦੇ ਪ੍ਰਤੀਨਿਧੀ, ਮੀਡੀਆ ਕਰਮਚਾਰੀ ਅਤੇ ਚੋਣ ਕਮਿਸ਼ਨ ਦੁਆਰਾ ਅਧਿਕਾਰਤ ਵਿਅਕਤੀ ਜਿਨ੍ਹਾਂ ਕੋਲ ਵੈਧ ਪਛਾਣ ਪੱਤਰ ਹਨ। ਉਮੀਦ ਹੈ ਕਿ ਸਵੇਰੇ 11 ਵਜੇ ਤੱਕ ਚੋਣ ਨਤੀਜਾ ਸਪੱਸ਼ਟ ਹੋ ਜਾਵੇਗਾ ਅਤੇ ਨਵੇਂ ਵਿਧਾਇਕ ਦਾ ਨਾਮ ਸਾਹਮਣੇ ਆ ਜਾਵੇਗਾ।
ਹਲਕਾ ਪੱਛਮ ਵਿੱਚ ਵੋਟਿੰਗ ਵੀਰਵਾਰ ਨੂੰ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਖਤਮ ਹੋਈ। ਵੋਟਿੰਗ ਲਈ 194 ਪੋਲਿੰਗ ਬੂਥ ਬਣਾਏ ਗਏ ਸਨ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਸ਼ਾਮ 7 ਵਜੇ ਤੱਕ 51.33% ਵੋਟਿੰਗ ਹੋਈ।
ਦੱਸ ਦਈਏ ਕਿ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਪ੍ਰੀਤ ਗੋਗੀ ਨੇ 2022 ਵਿੱਚ ਇਹ ਸੀਟ ਜਿੱਤੀ ਸੀ। ਹਾਲਾਂਕਿ, ਕੁਝ ਸਮਾਂ ਪਹਿਲਾਂ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇੱਥੇ ਉਪ ਚੋਣ ਹੋ ਰਹੀ ਹੈ। ‘ਆਪ’ ਨੇ ਇੱਥੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਕਾਂਗਰਸ ਨੇ ਇੱਥੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਹ 2012 ਅਤੇ 2017 ਵਿੱਚ ਇਸ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਅਕਾਲੀ ਦਲ ਵੱਲੋਂ ਐਡਵੋਕੇਟ ਪਰੋਪਕਾਰ ਸਿੰਘ ਘੁੰਮਣ ਉਮੀਦਵਾਰ ਹਨ। ਘੁੰਮਣ ਉਹੀ ਵਕੀਲ ਹਨ ਜਿਨ੍ਹਾਂ ਨੇ ਦਿਲਰੋਜ਼ ਕਤਲ ਕੇਸ ਦੇ ਮੁਲਜ਼ਮਾਂ ਨੂੰ ਫਾਂਸੀ ਦਿਵਾਈ ਸੀ। ਇਸ ਦੇ ਨਾਲ ਹੀ ਭਾਜਪਾ ਨੇ ਇੱਥੋਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਪਿਛੋਕੜ ਵਾਲੇ ਸੀਨੀਅਰ ਨੇਤਾ ਜੀਵਨ ਗੁਪਤਾ ਨੂੰ ਟਿਕਟ ਦਿੱਤੀ।