ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਵਿਰੁੱਧ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਗਰਾਉਂ, ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਮਾਲ ਪਟਵਾਰੀ ਵਿਕਾਸ ਸੋਨੀ ਵਿਰੁੱਧ ਸ਼ਿਕਾਇਤਕਰਤਾ ਨੂੰ ਇੰਤਕਾਲ ਦੀ ਕਾਪੀ ਜਾਰੀ ਕਰਨ ਬਦਲੇ 1500 ਰੁਪਏ ਰਿਸ਼ਵਤ ਲੈਣ ਅਤੇ ਹੋਰ ਰਿਸ਼ਵਤ ਮੰਗਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ।
NHAI ਦਾ ਟੋਲ ਕੁਲੈਕਸ਼ਨ ਵਿੱਤੀ ਸਾਲ 2023-24 ਵਿੱਚ 55,882 ਕਰੋੜ ਰੁਪਏ ਤੱਕ ਪੁੱਜਾ: ਗਡਕਰੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਵਿਰੁੱਧ ਇਹ ਕੇਸ ਸੁਖਵਿੰਦਰ ਸਿੰਘ ਵਾਸੀ ਪਿੰਡ ਲੀਲਾਂ, ਜ਼ਿਲ੍ਹਾ ਲੁਧਿਆਣਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ।
8000 ਰੁਪਏ ਰਿਸ਼ਵਤ ਦੀ ਮੰਗ
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਪਤਨੀ ਨੇ ਹੋਰ ਵਿਅਕਤੀਆਂ ਨੂੰ ਜ਼ਮੀਨ ਵੇਚੀ ਸੀ ਪਰ ਇਸਦਾ ਇੰਤਕਾਲ ਖਰੀਦਦਾਰਾਂ ਦੇ ਨਾਮ ‘ਤੇ ਤਬਦੀਲ ਨਹੀਂ ਕੀਤਾ ਗਿਆ ਸੀ। ਸ਼ਿਕਾਇਤਕਰਤਾ ਮੁਤਾਬਕ ਉਕਤ ਪਟਵਾਰੀ ਨੇ ਇੰਤਕਾਲ ਦੀ ਕਾਪੀ ਜਾਰੀ ਕਰਨ ਬਦਲੇ 8000 ਰੁਪਏ ਰਿਸ਼ਵਤ ਦੀ ਮੰਗ ਕੀਤੀ ਪਰ ਸੌਦਾ 5000 ਰੁਪਏ ਵਿੱਚ ਤੈਅ ਹੋ ਗਿਆ। ਇਸ ਇਸ ਉਪਰੰਤ ਮੁਲਜ਼ਮ ਪਟਵਾਰੀ ਨੇ ਰਿਸ਼ਵਤ ਵਜੋਂ 1500 ਰੁਪਏ ਲੈ ਲਏ ਸਨ ਅਤੇ ਬਾਕੀ 3500 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਤਫ਼ਤੀਸ਼ ਦੌਰਾਨ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਪਾਏ ਗਏ। ਇਸ ਤੋਂ ਬਾਅਦ ਮੁਲਜ਼ਮ ਪਟਵਾਰੀ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।