ਕਰਨਾਟਕ ਵਿਚ ਹਿਜਾਬ ਨੂੰ ਲੈ ਕੇ ਵਿਵਾਦ ਇਕ ਵਾਰ ਮੁੜ ਸਾਹਮਣੇ ਆ ਗਿਆ ਹੈ। ਮੰਗਲੁਰੂ ਦੇ ਯੂਨੀਵਰਸਿਟੀ ਕਾਲਜ ਵਿਚ ਹਿਜਾਬ ਪਹਿਨਣ ਖਿਲਾਫ ਵਿਦਿਆਰਥੀ ਧਰਨੇ ’ਤੇ ਬੈਠੇ ਗਏ ਹਨ। ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ’ਤੇ ਹਾਈਕੋਰਟ ਦੇ ਨਿਯਮਾਂ ਦਾ ਪਾਲਣਾ ਨਾ ਕਰਨ ਦਾ ਦੋਸ਼ ਲਾਇਆ ਹੈ।
ਵਿਦਿਆਰਥੀ ਸੰਗਠਨ ਏ.ਬੀ.ਵੀ.ਪੀ. ਨੇ ਕਾਲਜ ਖਿਲਾਫ ਵੀਰਵਾਰ ਨੂੰ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਦੇ ਕਾਲਜਾਂ ਵਿਚ ਹਿਜਾਬ ਪਹਿਨਣ ਦੀ ਇਜਾਜ਼ਤ ਨਹੀਂ ਹੈ। ਇਸ ਦੇ ਬਾਵਜੂਦ ਇਸ ਕਾਲਜ ਦੀਆਂ ਵਿਦਿਆਰਥਣਾਂ ਹਿਜਾਬ ਪਹਿਨ ਰਹੀਆਂ ਹਨ। ਏ.ਬੀ.ਵੀ.ਪੀ. ਨੇ ਕਿਹਾ ਕਿ ਜੇਕਰ ਕਾਲਜ ਵਿਚ ਹਿਜਾਬ ਪਹਿਨਣ ਦੀ ਇਜਾਜ਼ਤ ਹੈ ਤਾਂ ਉਨ੍ਹਾਂ ਨੂੰ ਵੀ ਭਗਵਾ ਸ਼ਾਲ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ।
ਕਰਨਾਟਕ ਵਿਚ ਹਿਜਾਬ ਵਿਵਾਦ ਦੀ ਸ਼ੁਰੂਆਤ ਇਸ ਸਾਲ ਦੇ ਜਨਵਰੀ ਮਹੀਨੇ ਵਿਚ ਉਡੁਪੀ ਜ਼ਿਲੇ ਤੋਂ ਹੋਈ ਸੀ ਇਥੇ ਸਰਕਾਰੀ ਪੀ.ਯੂ.ਕਾਲਜ ਵਿਚ 6 ਮੁਸਲਿਮ ਵਿਦਿਆਰਥਣਾਂ ਨੂੰ ਹਿਜਾਬ ਪਹਿਨ ਕੇ ਕਲਾਸ ਵਿਚ ਦਾਖਲਾ ਨਹੀਂ ਲੈਣ ਦਿੱਤਾ ਗਿਆ। ਹਿਜਾਬ ਪਹਿਨਣ ਨੂੰ ਲੈ ਕੇ ਮਾਮਲੇ ਦੀ ਸੁਣਵਾਈ ਹਾਈਕੋਰਟ ਦੀ ਸਿੰਗਲ ਬੈਂਚ ਵਿਚ ਹੋਈ ਸੀ। ਇਸ ਤੋਂ ਬਾਅਦ ਮਾਮਲੇ ਨੂੰ ਵੱਡੀ ਬੈਂਚ ਕੋਲ ਭੇਜ ਦਿੱਤਾ ਗਿਆ ਸੀ।
ਮੁੱਖ ਜੱਜ ਰਿਤੂ ਰਾਜ ਅਵਸਥੀ ਦੀ ਪ੍ਰਧਾਨਗੀ ਵਾਲੀ ਬੈਂਚ ਨੇ 17 ਮਾਰਚ ਨੂੰ ਅਹਿਮ ਫੈਸਲਾ ਸੁਣਾਉਦੇਂ ਹੋਏ ਵਿਦਿਆਰਥਣਾਂ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਸੀ। ਵਿਦਿਆਰਥਣਾਂ ਦੀ ਦਲੀਲ ਸੀ ਕਿ ਹਿਜਾਬ ਪਹਿਣਨਾਂ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ। ਹਾਲਾਕਿ ਕੋਰਟ ਨੇ ਇਹ ਕਹਿੰਦੇ ਹੋਏ ਉਨ੍ਹਾਂ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਕਿ ਹਿਜਾਬ ਪਹਿਣਨਾ ਇਸਲਾਮ ਵਿਚ ਇਕ ਜ਼ਰੂਰੀ ਪ੍ਰਥਾ ਨਹੀਂ ਹੈ।