ਚੰਡੀਗੜ੍ਹ, 24 ਫਰਵਰੀ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਵਿਖੇ ਜੋ ਟਾਟਾ ਸਟੀਲ ਵਲੋਂ ਪਲਾਂਟ ਸ਼ੁਰੂ ਕੀਤਾ ਜਾ ਰਿਹਾ ਹੈ ਦੇ ਮਾਰਚ ਵਿਚ ਸ਼ੁਰੂ ਹੋਣ ਦੇ ਆਸਾਰ ਪਾਏ ਜਾ ਰਹੇ ਹਨ ।
ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ
ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟਾਟਾ ਸਟੀਲ ਦੇ ਲੁਧਿਆਣਾ ਵਿਚ ਨਿਰਮਾਣ ਪਲਾਂਟ ਦੇ ਮਾਰਚ ਤੋਂ ਚਾਲੂ ਹੋਣ ਨਾਲ ਪੰਜਾਬ ਵਿਚ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ । ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਦੀਆਂ ਪ੍ਰਗਤੀਸ਼ੀਲ ਨੀਤੀਆਂ ਅਤੇ ਮਜ਼ਬੂਤ ਸ਼ਾਸਨ ਢਾਂਚੇ ਵਿਚ ਵਿਸ਼ਵ ਉਦਯੋਗ ਦੇ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਟਾਟਾ ਸਟੀਲ ਸਮੂਹ ਦੁਨੀਆਂ ਦੇ ਮੋਹਰੀ ਸਟੀਲ ਨਿਰਮਾਤਾਵਾਂ ਵਿਚੋਂ ਇੱਕ ਹੈ, ਜਿਸਦੀ ਸਾਲਾਨਾ ਕੱਚੇ ਸਟੀਲ ਦੀ ਸਮਰੱਥਾ ਲਗਭਗ 34 ਮਿਲੀਅਨ ਟਨ ਅਤੇ ਦੁਨੀਆਂ ਦੇ ਵੱਖ-ਵੱਖ ਭੁਗੌਲਿਕ ਖੇਤਰਾਂ ਵਿਚ ਮਜ਼ਬੂਤ ਮੌਜੂਦਗੀ ਹੈ ।
115 ਏਕੜ ਵਿਚ ਫੈਲਿਆ ਪ੍ਰਾਜੈਕਟ ਹੋ ਗਿਆ ਹੈ ਹੁਣ 3200 ਕਰੋੜ ਦਾ
ਟਾਟਾ ਸਟੀਲ ਦੇ ਇੱਕ ਸੀਨੀਅਰ ਵਫ਼ਦ, ਜਿਸ ‘ਚ ਉਪ ਪ੍ਰਧਾਨ (ਲੌਂਗ ਪ੍ਰੋਡਕਟਸ) ਆਸ਼ੀਸ਼ ਅਨੁਪਮ ਅਤੇ ਕਾਰਪੋਰੇਟ ਮਾਮਲਿਆਂ ਦੇ ਸੀਨੀਅਰ ਪ੍ਰਤੀਨਿਧ ਸ਼ਾਮਲ ਹਨ, ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਟਾਟਾ ਸਟੀਲ ਲਿਮਟਿਡ ਲੁਧਿਆਣਾ (Tata Steel Limited Ludhiana) ਵਿਚ ਹਾਈ-ਟੈਕ ਵੈਲੀ ਨੇੜੇ ਇੱਕ ਰੀਬਾਰ ਮਿੱਲ ਦੇ ਨਾਲ 0.75 ਐਮ. ਟੀ. ਪੀ. ਏ. ਇਲੈਕਟ੍ਰਿਕ ਆਰਕ ਫਰਨੇਸ-ਅਧਾਰਤ ਸਟੀਲ-ਨਿਰਮਾਣ ਸਹੂਲਤ ਸਥਾਪਤ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ 115 ਏਕੜ ‘ਚ ਫੈਲਿਆ ਇਹ ਪ੍ਰੋਜੈਕਟ, ਜਿਸ ‘ਚ ਸ਼ੁਰੂ ਵਿੱਚ ਲਗਭੱਗ 2,600 ਕਰੋੜ ਦਾ ਨਿਵੇਸ਼ ਹੋਣ ਦਾ ਅਨੁਮਾਨ ਸੀ, ਹੁਣ ਵਧ ਕੇ 3,200 ਕਰੋੜ ਹੋ ਗਿਆ ਹੈ । ਇਸ ਪਲਾਂਟ ਤੋਂ ਲਗਭੱਗ 2,500 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਖੇਤਰ ਦੇ ਉਦਯੋਗਿਕ ਮਾਹੌਲ ਨੂੰ ਮਜ਼ਬੂਤੀ ਮਿਲੇਗੀ ।
ਯੂਨਿਟ 100 ਪ੍ਰਤੀਸ਼ਤ ਸਟੀਲ ਸਕਰੈਪ ਨੂੰ ਵਰਤੇਗੀ ਕੱਚੇ ਮਾਲ ਵਜੋਂ
ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਇਹ ਯੂਨਿਟ 100 ਪ੍ਰਤੀਸ਼ਤ ਸਟੀਲ ਸਕ੍ਰੈਪ ਨੂੰ ਕੱਚੇ ਮਾਲ ਵਜੋਂ ਵਰਤੇਗੀ ਅਤੇ ਇੱਕ ਟਿਕਾਊ ਅਤੇ ਵਾਤਾਵਰਣ ਅਨੁਕੂਲ ਉਤਪਾਦਨ ਪ੍ਰਕਿਰਿਆ ਅਪਣਾਏਗੀ । ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਆਰਕ ਫਰਨੇਸ ਰੂਟ ਰਵਾਇਤੀ ਬਲਾਸਟ ਫਰਨੇਸ ਤਕਨਾਲੋਜੀ ਦੇ ਮੁਕਾਬਲੇ ਕਾਰਬਨ ਨਿਕਾਸ ਨੂੰ ਕਾਫ਼ੀ ਘਟਾਉਂਦਾ ਹੈ, ਜੋ ਵਾਤਾਵਰਣ ਅਨੁਕੂਲ ਅਤੇ ਟਿਕਾਊ ਉਦਯੋਗਿਕ ਵਿਕਾਸ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ ।
ਮੈਗਾ ਪ੍ਰਾਜੈਕਟ ਦੇ ਨਿਰਮਾਣ ਅਤੇ ਸੰਚਾਲਨ ਨੂੰ ਬਣਾਇਆ ਹੈ ਸਮੇਂ ਸਿਰ ਪੂਰਾ ਕਰਨਾ ਯਕੀਨੀ
ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਨੇ ਇਸ ਮੈਗਾ ਪ੍ਰੋਜੈਕਟ ਦੇ ਨਿਰਮਾਣ ਅਤੇ ਸੰਚਾਲਨ ਨੂੰ ਸਮੇਂ ਸਿਰ ਪੂਰਾ ਕਰਨਾ ਯਕੀਨੀ ਬਣਾਇਆ ਹੈ, ਜੋ ਕਿ ਪੰਜਾਬ ਦੀਆਂ ਉਦਯੋਗ-ਪੱਖੀ ਨੀਤੀਆਂ ਅਤੇ ਸਰਗਰਮ ਸ਼ਾਸਨ ਢਾਂਚੇ ਨੂੰ ਦਰਸਾਉਂਦਾ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਜਮਸ਼ੇਦਪੁਰ ਤੋਂ ਬਾਅਦ ਭਾਰਤ ‘ਚ ਟਾਟਾ ਸਟੀਲ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਹੈ ਅਤੇ ਪੰਜਾਬ ‘ਚ ਕੰਪਨੀ ਦੇ ਸਭ ਤੋਂ ਵੱਡੇ ਨਿਵੇਸ਼ ਨੂੰ ਦਰਸਾਉਂਦਾ ਹੈ । ਇਸ ਦੌਰਾਨ ਕੈਬਨਿਟ ਮੰਤਰੀ ਸੰਜੀਵ ਅਰੋੜਾ, ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ ।
Read More : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੀਤਾ ਮੇਰੀ ਰਸੋਈ ਸਕੀਮ ਦਾ ਐਲਾਨ









