ਢਹਿ ਗਿਆ ਅਕਾਲੀ ਦਲ ਦਾ ਕਿਲ੍ਹਾ ਜਾਂ ਮੁੜ ਸੁਰਜੀਤ ਹੋ ਗਿਆ?

0
96

ਢਹਿ ਗਿਆ ਅਕਾਲੀ ਦਲ ਦਾ ਕਿਲ੍ਹਾ ਜਾਂ ਮੁੜ ਸੁਰਜੀਤ ਹੋ ਗਿਆ?

ਪ੍ਰਵੀਨ ਵਿਕਰਾਂਤ ਵੱਲੋਂ…


ਪੰਜਾਬ ਦੇ ਮਰਹੂਮ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖ਼ਰ-ਏ-ਕੌਮ ਅਵਾਰਡ ਵਾਪਸ ਲੈਣਾ, ਸੁਖਬੀਰ ਸਿੰਘ ਬਾਦਲ ਨੂੰ ਹੱਥ ਵਿੱਚ ਬਰਛਾ ਫੜਾ ਪਹਿਰੇਦਾਰੀ ਦੀ ਸੇਵਾ ‘ਤੇ ਬਿਠਆਉਣਾ, ਤਤਕਾਲੀ ਕੈਬਨਿਟ ਕਮੇਟੀ ਅਤੇ ਸੁਖਬੀਰ ਬਾਦਲ ਨਾਲ ਜੁੜੇ ਤਮਾਮ ਦੋਸ਼ੀ ਚਿਹਿਰਆਂ ਨੂੰ ਤਨਖਾਹੀਆ ਐਲਾਨ ਕਰਨਾ ਕੀ ਇਹ ਅਕਾਲੀ ਦਲ ਦੇ ਡਾਊਨਫਾਲ ਦੀ ਹੱਦ ਏ ਜਾਂ ਸੁਖਬੀਰ ਸਿੰਘ ਬਾਦਲ ਦਾ ਗੁਨਾਹਾਂ ਦੀ ਮੁਆਫੀ ਮੰਗ ਕੇ ਚੜ੍ਹਦੀ ਕਲਾ ਵੱਲ ਵਧਣਾ? ਚੜ੍ਹਦੀਕਾਲ ਫਿਲਹਾਲ ਤਾਂ ਨਹੀਂ ਕਿਹਾ ਜਾ ਸਕਦਾ

ਪਰ ਸੰਕੇਤ ਕੁੱਝ ਇਸੇ ਤਰ੍ਹਾਂ ਦੇ ਨੇ ਖਾਸ ਕਰਕੇ ਜਦੋਂ ਤੋਂ ਸੁਖਬੀਰ ਸਿੰਘ ਬਾਦਲ ‘ਤੇ ਨਰਾਇਣ ਸਿੰਘ ਚੌੜਾ ਵੱਲੋਂ ਸਿੱਖੀ ਦੇ ਸੱਭ ਤੋਂ ਵੱਡੇ ਧਾਰਮਿਕ ਅਸਥਾਨ ‘ਤੇ ਹੀ ਹਮਲਾ ਕੀਤਾ ਗਿਆ, ਜਿੱਥੇ ਕਿ ਉਹ ਪਹਿਲਾਂ ਤੋਂ ਹੀ ਆਪਣੇ ਗੁਨਾਹ ਕਬੂਲ ਕਰਕੇ ਗੱਲ ‘ਚ ਤਖਤੀ ਪਾ ਕੇ ਹੱਥ ‘ਚ ਬਰਛਾ ਫੜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਧਾਰਮਿਕ ਸਜਾ ਤਹਿਤ ਸੇਵਾ ਨਿਭਾ ਰਹੇ ਸਨ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੁਖਬੀਰ ਸਿੰਘ ਬਾਦਲ ਦਾ ਜੋ ਹਸ਼ਰ ਹੋਇਆ ਉਹ ਉਹਨਾਂ ਕਦੇ ਸੋਚਿਆ ਨਹੀਂ ਹੋਏਗਾ ਨਹੀਂ ਤਾਂ ਪੰਜਾਬ ਦੇ ਹਿੱਤਾਂ ਅਤੇ ਸਿੱਖ ਧਰਮ ਦੇ ਹਿੱਤਾਂ ਨੂੰ ਕਿਨਾਰੇ ਕਰ ਐਨੇ ਵੱਡੇ-ਵੱਡੇ ਫੈਸਲੇ ਉਸ ਸਮੇਂ ਉਹ ਨਾ ਲੈਂਦੇ। ਪਰ ਵਕਤ ਬਦਲਦਾ ਹੈ ਅਤੇ ਪ੍ਰਮਾਤਮਾ ਚੰਗੇ-ਮਾੜੇ ਕਰਮਾਂ ਦਾ ਹਿਸਾਬ ਇਸ ਤਰ੍ਹਾਂ ਕਰਦਾ ਏ ਕਿ ਦੂਜਿਆਂ ਨੂੰ ਸਬਕ ਮਿਲ ਜਾਏ, ਹੁਣ ਬਾਕੀ ਸਬਕ ਲੈਣ ਜਾਂ ਕੁਰਾਹੇ ਪੈਣ ਉਹਨਾਂ ਦੇ ਆਪਣੇ ਕਰਮ ਹੋ ਨਿਬੜਦੇ ਨੇ।

ਪਰ ਇੱਥੇ ਇਹ ਵੀ ਜਿਕਰ-ਏ-ਖਾਸ ਏ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਸਿੰਘ ਸਾਹਿਬਾਨਾਂ ਮੂਹਰੇ ਨਿਮਾਣਾ ਸਿੱਖ ਬਣਕੇ ਸਾਰੇ ਗੁਨਾਹ ਕਬੂਲੇ ਉਸ ਨਾਲ ਸਿੱਖਾਂ ਦੀ ਨਰਾਜ਼ਗੀ ਦੇ ਸਮੁੰਦਰ ‘ਚੋਂ ਕਾਫੀ ਹੱਦ ਤੱਕ ਹਮਦਰਦੀ ਲੈਣ ‘ਚ ਕਾਮਯਾਬ ਰਹੇ। ਇਹੀ ਕਾਰਣ ਏ ਕਿ ਜਦੋਂ ਨਰਾਇਣ ਸਿੰਘ ਚੌੜਾ ਨੇ ਉਹਨਾਂ ‘ਤੇ ਪਵਿੱਤਰ ਅਸਥਾਨ ‘ਤੇ ਹਮਲਾ ਕੀਤਾ ਤਾਂ ਹਮਲੇ ਦੀ ਹਿਮਾਇਤ ਤੋਂ ਜਿਆਦਾ ਅਵਾਜਾਂ ਵਿਰੋਧ ਵਿੱਚ ਉੱਠੀਆਂ।

ਇੱਥੇ ਇਹ ਵੀ ਕਾਬਿਲ-ਏ-ਗੌਰ ਏ ਕਿ ਸੁਖਬੀਰ ਬਾਦਲ ਦੇ ਗੁਨਾਹ ਕੋਈ ਛੋਟੇ ਨਹੀਂ ਸਨ, ਜਿਨ੍ਹਾਂ ਨੇ ਉਹਨਾਂ ਦੇ ਵਜੂਦ ਨੂੰ ਅਰਸ਼ ਤੋਂ ਫਰਸ਼ ਤੇ ਲੈ ਆਉਂਦਾ, ਜਿਵੇਂ ਸਿੱਖ ਨੌਜਵਾਨਾਂ ਨੂੰ ‘ਤੇ ਜੁਲਮ ਢਾਹੁਣ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦੇਣਾ, ਡੇਰਾ ਸਿਰਸਾ ਦੇ ਸਾਧ ਗੁਰਮੀਤ ਰਾਮ ਰਹੀਮ ਖਿਲਾਫ਼ ਦਰਜ ਕੇਸ ਵਾਪਸ ਲੈਣਾ, ਬਿਨਾਂ ਮੁਆਫੀ ਮੰਗੇ ਮੁਆਫੀ ਦਵਾਉਣਾ ‘ਤੇ ਉਹ ਵੀ ਜੱਥੇਦਾਰਾਂ ਨੂੰ ਆਪਣੀ ਰਿਹਾਇਸ਼ ‘ਤੇ ਬੁਲਾ ਕੇ ਦਵਾਉਣਾ ਅਤੇ ਉਸਦੇ ਲਈ ਇਸ਼ਤਿਹਰਾਂ ‘ਤੇ 90 ਲੱਖ ਖਰਚਣਾ, ਪਾਵਨ ਸਰੂਪਾਂ ਦੀ ਬੇਅਦਬੀ ਅਤੇ ਚੋਰੀ ਦੀ ਜਾਂਚ ਨਾ ਕਰਵਾਉਣਾ, ਬਰਗਾੜੀ ਦੀ ਸੰਗਤ ਉੱਪਰ ਲਾਠੀਚਾਰਜ ਅਤੇ ਗੋਲੀਬਾਰੀ ਸਮੇਤ ਕਈ ਅਜਿਹੇ ਗੁਨਾਹ ਸਨ ਜਿਨ੍ਹਾਂ ਲਈ ਸੁਖਬੀਰ ਬਾਦਲ ਨੇ ਮੁਆਫੀ ਮੰਗੀ।

ਹੁਣ ਸਵਾਲ ਇਹ ਉਠਦਾ ਕਿ ਕੀ ਇਹਨਾਂ ਗੁਨਾਹਾਂ ਦੀ ਜਿੰਮੇਵਾਰੀ ਸਿਰਫ਼ ਸੁਖਬੀਰ ਸਿੰਘ ਬਾਦਲ ਦੀ ਹੀ ਸੀ, ਬਾਕੀ ਆਪੋ-ਆਪਣੇ ਰਾਜ-ਭਾਗ ਭੋਗ ਕੇ ਕਿਨਾਰੇ ਹੋ ਗਏ ਅਤੇ ਸਾਰਾ ਦਾ ਸਾਰਾ ਇਲਜਾਮ ਸਿਰਫ ਸੁਖਬੀਰ ਸਿੰਘ ਬਾਦਲ ‘ਤੇ ਹੀ ਮੜ੍ਹ ਦਿੱਤਾ, ਪਰ ਨਹੀਂ ਜੱਥੇਦਾਰਾਂ ਨੇ ਬਖ਼ਸ਼ਿਆ ਕਿਸੇ ਨੂੰ ਵੀ ਨਹੀਂ ਸਜਾ ਤਾਂ ਸੱਭ ਨੂੰ ਮਿਲੀ, ਇੱਥੋਂ ਤੱਕ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਜਦੋਂ ਆਪਣੀ ਸ਼ਮੂਲੀਅਤ ਤੋਂ ਲਾਂਭੇ ਹੋਏ ਤਾਂ ਜੱਥੇਦਾਰ ਸਾਬ੍ਹ ਨੇ ਝਾੜ-ਝੰਬ ਕਰਕੇ ਸੱਭ ਕਬੂਲ ਕਰਵਾਇਆ ਅਤੇ ਸੱਭ ਨੂੰ ਭਾਂਡੇ ਮਾਂਜਣ, ਲੰਗਰ ਦੀ ਸੇਵਾ, ਬੂਟ ਪਾਲਿਸ਼, ਕੀਰਤਨ ਦਾ ਸਰਵਣ ਦੇ ਇਲਾਵਾ ਪਖਾਨੇ ਸਾਫ ਕਰਨ ਦੀ ਵੀ ਸਜਾ ਲਾਈ।

ਅਕਾਲੀ ਦਲ ਦੇ ਵਰਕਰਾਂ ਨੂੰ 1 ਲੱਖ 25 ਬੂਟੇ ਲਾਉਣ ਨੂੰ ਆਖਿਆ। ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਵਜੋਂ ਅਸਤੀਫੇ ਅਤੇ ਹੋਰਨਾਂ ਅਸਤੀਫਿਆਂ ਬਾਰੇ ਫੈਸਲੇ ਲਈ ਕਮੇਟੀ ਦਾ ਗਠਨ ਕਰਕੇ ਛੇਤੀ ਫੈਸਲਾ ਲੈਣ ਲਈ ਕਿਹਾ ਗਿਆ। ਪਰ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਜੋ ਸਕਰਾਤਮਕ ਪਹਿਲਕਦਮੀ ਸੀ ਉਹ ਸੀ ਬਾਗੀ ਧੜਿਆਂ ਨੂੰ ਇੱਕ ਹੋਣ ਦਾ ਹੁਕਮ। ਜੋ ਲੋਕ ਸਾਰੇ ਗੁਨਾਹ ਇਕੱਲੇ ਸੁਖਬੀਰ ਸਿੰਘ ਬਾਦਲ ਦੇ ਮੱਥੇ ਮੜ੍ਹ ਕੇ ਸਾਈਡ ਹੋਣਾ ਚਾਹੁੰਦੇ ਸਨ, ਅਕਾਲੀ ਸੁਧਾਰ ਲਹਿਰ ਚਲਾ ਚਲਾ ਰਹੇ ਸਨ ਸੱਭ ਨੂੰ ਮੁੜ ਇੱਕਜੁਟ ਹੋਣ ਨੂੰ ਕਿਹਾ ਗਿਆ।

ਕਦੇ ਪੰਜਾਬ ਵਿੱਚ ਕਾਂਗਰਸ ਵਰਗੀ ਸਿਰਮੌਰ ਪਾਰਟੀ ਨੂੰ ਕਿਨਾਰੇ ਕਰਕੇ ਰੱਖਣ ਵਾਲੀ ਅਕਾਲੀ ਦਲ ਪਾਰਟੀ ਜਦੋਂ ਆਪਣੀ ਆਖ਼ਰੀ ਲੜੀ ਚੋਣ ਵਿੱਚ ਜ਼ਮਾਨਤ ਜ਼ਬਤ ਕਰਵਾ ਬੈਠੀ ਤਾਂ ਸਾਰੇ ਆਗੂ ਮੌਕਾ ਦੇਖ ਕੇ ਖਿੰਡਣੇ ਸ਼ੁਰੂ ਹੋ ਗਏ ਅਤੇ ਪਾਰਟੀ ਪੂਰੀ ਤਰ੍ਹਾਂ ਨਿਘਾਰ ਵੱਲ ਆ ਗਈ। ਪਰ ਹੁਣ ਜਦੋਂ ਵੱਡੇ ਬਾਦਲ ਸਾਬ੍ਹ ਨੂੰ ਦਿੱਤਾ ਫ਼ਖ਼ਰ-ਏ-ਕੌਮ ਜਿਨ੍ਹਾਂ ਨੂੰ ਜ਼ਰੂਰਤ ਤੋਂ ਵੱਡਾ ਬੇਵਜ੍ਹ ਦਾ ਸਨਮਾਨ ਲੱਗ ਰਿਹਾ ਉਹ ਵਾਪਸ ਹੋ ਗਿਆ,

ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ || Punjab News

ਬੇਅਦਬੀਆਂ ਨੂੰ ਲੈ ਕੇ ਨਿਸ਼ਾਨੇ ‘ਤੇ ਰਹਿਣ ਵਾਲੇ ਸੁਖਬੀਰ ਸਿੰਘ ਬਾਦਲ ਨੇ ਮੁਆਫੀ ਮੰਗ ਕੇ ਮਿਲੀ ਸਜਾ ਭੁਗਤਣੀ ਸ਼ੁਰੂ ਕਰ ਦਿੱਤੀ ਅਤੇ ਅਜਿਹੇ ਵਿੱਚ ਨਰਾਜ਼ਗੀ ਦਾ ਆਲਮ ਜੋ ਅਜੇ ਵੀ ਬਰਕਰਾਰ ਸੀ ਉਸਦੇ ਤਹਿਤ ਸੁਖਬੀਰ ਬਾਦਲ ‘ਤੇ ਹਮਲਾ ਵੀ ਹੋ ਗਿਆ ਅਜੇ ਕਿ ਇਸ ਹਮਲੇ ਨੂੰ ਲੈ ਕੇ ਸਿਆਸਤ ਫਿਰ ਤੋਂ ਗਰਮ ਏ ਪਰ ਸਵਾਲ ਇਹ ਐ ਕਿ ਕੀ ਅਕਾਲੀ ਦਲ ਦਾ ਪੁਰਾਣਾ ਵੋਟ ਬੈਂਕ ਬਹਾਲ ਹੋਏਗਾ, ਜੇ ਪਾਰਟੀ ਪਰਿਵਾਰਕ ਜਾਇਦਾਦ ਨਾ ਰਹੀ, ਸਾਰੇ ਇਕੱਠੇ ਹੋ ਰਹੇ ਨੇ ਅਤੇ ਲੋਕਰਾਜੀ ਢੰਗ ਨਾਲ ਪ੍ਰਧਾਨ ਚੁਣਨ ਦਾ ਦੌਰ ਚੱਲ ਪੈਂਦੈ ਤਾਂ, ਪਾਰਟੀ ਸਹੀ ਮਾਇਣਿਆਂ ਵਿੱਚ ਪੰਜਾਬ ਦੀ ਮਾਂ ਪਾਰਟੀ ਬਣ ਕੇ ਪੰਜਾਬੀਆਂ ਦੀ ਅਵਾਜ਼ ਬਣਦੀ ਏ ਤਾਂ, ਇਸਦਾ ਜਵਾਬ ਲੋਕਾਂ ਕੋਲ ਏ ਅਤੇ ਉਹੀ ਦੇਣਗੇ।

LEAVE A REPLY

Please enter your comment!
Please enter your name here