ਅੱਜ ਜਲੰਧਰ ਜਾਣਗੇ CM ਮਾਨ, ਜ਼ਿਮਨੀ ਚੋਣ ਜਿੱਤਣ ‘ਤੇ ਪਾਰਟੀ ਵਰਕਰਾਂ ਦਾ ਕਰਨਗੇ ਧੰਨਵਾਦ
ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਪਹੁੰਚ ਕੇ ਵਰਕਰਾਂ, ਮੰਤਰੀਆਂ ਅਤੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਨਾਲ ਹੀ ਉਹ ਜ਼ਿਮਨੀ ਚੋਣ ਵਿੱਚ ਮਦਦ ਕਰਨ ਵਾਲੇ ਲੋਕਾਂ ਅਤੇ ਆਗੂਆਂ ਦਾ ਧੰਨਵਾਦ ਵੀ ਕਰਨਗੇ। ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਜਲੰਧਰ ਛਾਉਣੀ ਸਥਿਤ ਆਪਣੀ ਰਿਹਾਇਸ਼ ‘ਤੇ ਵਲੰਟੀਅਰਾਂ, ਅਧਿਕਾਰੀਆਂ ਅਤੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਫਿਲਹਾਲ ਇਸ ਸਬੰਧੀ ਕੋਈ ਅਧਿਕਾਰਤ ਯੋਜਨਾਵਾਂ ਜਾਰੀ ਨਹੀਂ ਕੀਤੀਆਂ ਗਈਆਂ ਹਨ।
ਮਹਿੰਦਰ ਭਗਤ ਨੇ ਭਾਰੀ ਬਹੁਮਤ ਨਾਲ ਕੀਤੀ ਜਿੱਤ ਦਰਜ
ਧਿਆਨਯੋਗ ਹੈ ਕਿ ਜਲੰਧਰ ਪੱਛਮੀ ਹਲਕੇ ‘ਚ ਜ਼ਿਮਨੀ ਚੋਣ ਲਈ ਆਪ ਪਾਰਟੀ ਨੇ ਭਾਜਪਾ ਛੱਡਣ ਵਾਲੇ ਸਾਬਕਾ ਭਾਜਪਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਨੂੰ ਉਮੀਦਵਾਰ ਬਣਾਇਆ ਸੀ। ਜਿਸਦੇ ਨਤੀਜੇ ਕੱਲ੍ਹ ਯਾਨੀ ਸ਼ਨੀਵਾਰ ਨੂੰ ਐਲਾਨੇ ਗਏ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਭਾਰੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ। ਮਹਿੰਦਰ ਭਗਤ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਈ ਸ਼ੀਤਲ ਅੰਗੁਰਾਲ ਨੂੰ ਕਰੀਬ ਸਾਢੇ 37 ਹਜ਼ਾਰ ਵੋਟਾਂ ਨਾਲ ਹਰਾਇਆ। ਅਜਿਹੇ ‘ਚ ਵੈਸਟ ਡਿਵੀਜ਼ਨ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ‘ਦੋਸਤ’ ਟਰੰਪ ‘ਤੇ ਹੋਈ ਫਾਇਰਿੰਗ ਦੀ ਕੀਤੀ ਨਿੰਦਾ
ਸ਼ੀਤਲ ਅੰਗੁਰਾਲ ਇਸ ਤੋਂ ਪਹਿਲਾਂ ਆਪ ਪਾਰਟੀ ‘ਚ ਸਨ
ਦੱਸ ਦਈਏ ਕਿ ਸ਼ੀਤਲ ਅੰਗੁਰਾਲ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ‘ਚ ਸਨ ਅਤੇ ਉਹ ਪੱਛਮੀ ਹਲਕੇ ‘ਚ ‘ਆਪ’ ਦੇ ਵਿਧਾਇਕ ਸਨ। ਪਰ ਉਹ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਸ਼ੀਤਲ ਅੰਗੁਰਾਲ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਬਾਅਦ ‘ਚ ਅੰਗੁਰਲ ਨੇ ਆਪਣਾ ਅਸਤੀਫਾ ਵਾਪਸ ਲੈਣ ਦੀ ਪੇਸ਼ਕਸ਼ ਕੀਤੀ, ਪਰ ਉਦੋਂ ਤੱਕ ਉਕਤ ਅਸਤੀਫਾ ਸਵੀਕਾਰ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਉਕਤ ਹਲਕੇ ਵਿੱਚ ਉਪ ਚੋਣ ਦਾ ਐਲਾਨ ਕਰ ਦਿੱਤਾ।