ਚੀਨ ਦੇ ਜਿਆਂਗਸ਼ੀ ਸੂਬੇ ਦੀ ਨਾਨਚਾਂਗ ਕਾਊਂਟੀ ‘ਚ ਇਕ ਭਿਆਨਕ ਸੜਕ ਹਾਦਸੇ ‘ਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ।
ਸਥਾਨਕ ਮੀਡੀਆ ਅਨੁਸਾਰ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਾਨਚਾਂਗ ਕਾਉਂਟੀ ਵਿੱਚ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜੇ ਇਹ ਹਾਦਸਾ ਵਾਪਰਿਆ। ਚੀਨ ਦੇ ਸਰਕਾਰੀ ਮੀਡੀਆ ਸੀਸੀਟੀਵੀ ਨੇ ਕਿਹਾ, ‘ਹਾਦਸੇ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।’
ਦੁਰਘਟਨਾ ਦੀ ਖਬਰ ਤੋਂ ਲਗਭਗ ਇੱਕ ਘੰਟੇ ਬਾਅਦ ਨਾਨਚਾਂਗ ਕਾਉਂਟੀ ਟ੍ਰੈਫਿਕ ਪੁਲਿਸ ਨੇ ਵਾਹਨ ਚਾਲਕਾਂ ਲਈ ਇੱਕ ਯਾਤਰਾ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ, ‘ਇਲਾਕੇ ਵਿਚ ਕਾਫੀ ਧੁੰਦ ਹੈ, ਜਿਸ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੈ। ਗੱਡੀ ਧਿਆਨ ਨਾਲ ਚਲਾਓ। ਕਿਉਂਕਿ ਘੱਟ ਵਿਜ਼ੀਬਿਲਟੀ ਆਸਾਨੀ ਨਾਲ ਟ੍ਰੈਫਿਕ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ।’
ਚੀਨ ਵਿੱਚ ਸਖ਼ਤ ਸੁਰੱਖਿਆ ਨਿਯੰਤਰਣਾਂ ਦੀ ਘਾਟ ਕਾਰਨ ਸੜਕ ਹਾਦਸੇ ਆਮ ਹਨ। ਪਿਛਲੇ ਮਹੀਨੇ ਮੱਧ ਚੀਨ ਵਿੱਚ ਇੱਕ ਹਾਈਵੇਅ ‘ਤੇ ਮੁਰੰਮਤ ਦੇ ਕੰਮ ਦੌਰਾਨ ਸੈਂਕੜੇ ਵਾਹਨ ਇੱਕ ਦੂਜੇ ਨਾਲ ਟਕਰਾ ਗਏ, ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।
ਪਿਛਲੇ ਸਾਲ ਸਤੰਬਰ ਵਿੱਚ ਦੱਖਣ-ਪੱਛਮੀ ਚੀਨ ਦੇ ਗੁਈਝੂ ਸੂਬੇ ਵਿੱਚ ਇੱਕ ਮੋਟਰਵੇਅ ਉੱਤੇ ਇੱਕ ਬੱਸ ਪਲਟਣ ਨਾਲ 27 ਯਾਤਰੀਆਂ ਦੀ ਮੌਤ ਹੋ ਗਈ ਸੀ। ਬੱਸ ਇਨ੍ਹਾਂ ਸਾਰੇ ਯਾਤਰੀਆਂ ਨੂੰ ਕੁਆਰੰਟੀਨ ਸੈਂਟਰ ਲੈ ਜਾ ਰਹੀ ਸੀ, ਜਿਨ੍ਹਾਂ ਵਿਚ ਕੋਰੋਨਾ ਦੇ ਲੱਛਣ ਸਨ ਜਾਂ ਉਹ ਸੰਕਰਮਿਤ ਪਾਏ ਗਏ ਸਨ।