ਚਿਲੀ ਪਨੀਰ ਮੰਗਵਾਉਣ ‘ਤੇ ਆਇਆ ਚਿਕਨ…ਗਲਤੀ ਨਾਲ ਖਾ ਗਿਆ ਨੌਜਵਾਨ, ਹੋਇਆ ਹੰਗਾਮਾ
ਅੰਮ੍ਰਿਤਸਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਰੈਸਟੋਰੈਂਟ ਵਿੱਚ ਇੱਕ ਨੌਜਵਾਨ ਨੇ ਪਨੀਰ ਮੰਗਵਾਇਆ ਪਰ ਇਹ ਚਿਕਨ ਨਿਕਲਿਆ। ਜਿਸ ਤੋਂ ਬਾਅਦ ਹੰਗਾਮਾ ਹੋ ਗਿਆ ਤੇ ਨੌਜਵਾਨਾਂ ਨੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਰੈਸਟੋਰੈਂਟ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਅਭਿਸ਼ੇਕ ਨਾਮ ਦਾ ਨੌਜਵਾਨ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਦੇ ਕਸਟਮ ਚੌਕ ਸਥਿਤ ਇੱਕ ਰੈਸਟੋਰੈਂਟ ‘ਚ ਡਿਨਰ ਕਰਨ ਗਿਆ ਸੀ। ਅਭਿਸ਼ੇਕ ਨੇ ਚਿੱਲੀ ਪਨੀਰ ਆਰਡਰ ਕੀਤਾ ਸੀ।
ਰੈਸਟੋਰੈਂਟ ਮਾਲਕ ਦੇ ਦੁਰਵਿਵਹਾਰ ਦੀ ਵੀਡੀਓ ਬਣਾਈ
ਆਰਡਰ ਆਉਣ ਤੋਂ ਬਾਅਦ ਉਸ ਨੇ ਕੁਝ ਪਨੀਰ ਖਾਧਾ ਅਤੇ ਉਸ ਵਿਚ ਹੱਡੀਆਂ ਮਿਲੀਆਂ। ਜਿਸ ਤੋਂ ਬਾਅਦ ਉਸ ਨੇ ਉੱਥੇ ਭਾਰੀ ਹੰਗਾਮਾ ਕਰ ਦਿੱਤਾ ਅਤੇ ਰੈਸਟੋਰੈਂਟ ਦੇ ਮਾਲਕ ਨੂੰ ਬੁਲਾਇਆ। ਮਾਲਕ ਨੇ ਆਉਂਦਿਆਂ ਹੀ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੋਸ਼ ਲਾਇਆ ਕਿ ਉਹ ਬਿੱਲ ਨਹੀਂ ਦੇਣਾ ਚਾਹੁੰਦਾ ਸੀ। ਨੌਜਵਾਨ ਨੇ ਥਾਲੀ ਵਿੱਚ ਪਈਆਂ ਹੱਡੀਆਂ ਅਤੇ ਰੈਸਟੋਰੈਂਟ ਮਾਲਕ ਦੇ ਦੁਰਵਿਵਹਾਰ ਦੀ ਵੀਡੀਓ ਵੀ ਬਣਾਈ।
ਇਹ ਵੀ ਪੜ੍ਹੋ : ਐਂਬੂਲੈਂਸ ‘ਚ ਔਰਤ ਨਾਲ ਕੀਤੀ ਛੇੜਛਾੜ, ਬਿਮਾਰ ਪਤੀ ਦੇ ਵਿਰੋਧ ਕਰਨ ‘ਤੇ ਸੁੱਟ ‘ਤਾ ਬਾਹਰ
ਰਸੋਈ ਦੀ ਜਾਂਚ ਕੀਤੀ ਜਾਣੀ ਚਾਹੀਦੀ
ਇਸ ਤੋਂ ਬਾਅਦ ਅਭਿਸ਼ੇਕ ਦੀ ਤਰਫੋਂ ਪ੍ਰਸ਼ਾਸਨ ਅਤੇ ਪੁਲਿਸ ਨੂੰ ਅਪੀਲ ਕੀਤੀ ਗਈ ਕਿ ਇਸ ਰੈਸਟੋਰੈਂਟ ਦਾ ਸੈਂਪਲ ਲਿਆ ਜਾਵੇ। ਉਨ੍ਹਾਂ ਦੀ ਰਸੋਈ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਚਿਕਨ ਅਤੇ ਪਨੀਰ ਲਈ ਵੱਖ-ਵੱਖ ਬਰਤਨਾਂ ਦੀ ਵਰਤੋਂ ਕਰਦੇ ਹਨ ਜਾਂ ਨਹੀਂ। ਨੌਜਵਾਨ ਨੇ ਕਿਹਾ ਕਿ ਉਹ ਲੜਨਾ ਨਹੀਂ ਚਾਹੁੰਦਾ ਸੀ, ਇਸ ਲਈ ਉਸ ਨੇ ਬਿੱਲ ਦਾ ਭੁਗਤਾਨ ਕੀਤਾ ਅਤੇ ਚਲਾ ਗਿਆ ਅਤੇ ਹੁਣ ਅਪੀਲ ਕਰ ਰਿਹਾ ਹੈ।