ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਗੁਜਰਾਤੀ ਫਿਲਮ ‘ਛੇਲੋ ਸ਼ੋਅ’ ਦੇ ਬਾਲ ਕਲਾਕਾਰ ਰਾਹੁਲ ਕੋਲੀ ਦਾ ਦਿਹਾਂਤ ਹੋ ਗਿਆ ਹੈ। ਰਾਹੁਲ ਸਿਰਫ 15 ਸਾਲ ਦੇ ਸਨ। ਰਾਹੁਲ ਦੀ ਮੌਤ ਦੀ ਵਜ੍ਹਾ ਕੈਂਸਰ ਦੱਸੀ ਜਾ ਰਹੀ ਹੈ।
15 ਸਾਲ ਦੇ ਰਾਹੁਲ ਕੋਲੀ ਭਾਰਤ ਵਲੋਂ ਇਸ ਸਾਲ ਆਸਕਰ ’ਚ ਐਂਟਰੀ ਕਰਨ ਵਾਲੀ ਗੁਜਰਾਤੀ ਫ਼ਿਲਮ ‘ਛੇਲੋ ਸ਼ੋਅ’ ਦੇ ਚਾਈਲਡ ਐਕਟਰ ਸਨ। ਰਾਹੁਲ ਨੇ ‘ਛੇਲੋ ਸ਼ੋਅ’ ਫ਼ਿਲਮ ’ਚ ਸ਼ਾਨਦਾਰ ਕੰਮ ਕਰਕੇ ਨਿੱਕੀ ਉਮਰ ’ਚ ਹੀ ਖ਼ਾਸ ਪਛਾਣ ਬਣਾ ਲਈ ਸੀ। ਰਾਹੁਲ ਨੇ ਅਜੇ ਆਪਣੇ ਸੁਪਨਿਆਂ ਦੀ ਉਡਾਣ ਭਰਨੀ ਸ਼ੁਰੂ ਹੀ ਕੀਤੀ ਸੀ ਪਰ ਇਸ ਤੋਂ ਪਹਿਲਾਂ ਹੀ ਕੈਂਸਰ ਕਾਰਨ ਉਸ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਰਾਹੁਲ ਨੂੰ ਲਿਊਕੇਮੀਆ ਨਾਂ ਦਾ ਕੈਂਸਰ ਸੀ। ਫਿਲਮ ‘ਚ ਭਾਵੀਨ ਰਾਬਾਰੀ ਨੇ ਮੁੱਖ ਭੂਮਿਕਾ ਨਿਭਾਈ ਹੈ, ਜਦਕਿ ਰਾਹੁਲ ਉਨ੍ਹਾਂ ਦੇ ਦੋਸਤ ਦੀ ਭੂਮਿਕਾ ‘ਚ ਸਨ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਬਹੁਤ ਦੁਖੀ ਹੈ। ਇਸ ਖਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਰਿਪੋਰਟ ਮੁਤਾਬਕ ਰਾਹੁਲ ਦੇ ਪਿਤਾ ਇਕ ਆਟੋ ਰਿਕਸ਼ਾ ਡਰਾਈਵਰ ਹਨ। ਰਾਹੁਲ ਦੇ ਪਰਿਵਾਰ ਨੇ ਸੋਮਵਾਰ ਨੂੰ ਆਪਣੇ ਜੱਦੀ ਪਿੰਡ ਹਾਪਾ ’ਚ ਪ੍ਰੇਅਰ ਮੀਟ ਰੱਖੀ ਸੀ। ਰਾਹੁਲ ਦੇ ਪਿਤਾ ਨੇ ਕਿਹਾ, ‘‘ਉਹ ਬਹੁਤ ਖ਼ੁਸ਼ ਸੀ ਤੇ ਹਮੇਸ਼ਾ ਮੈਨੂੰ ਕਹਿੰਦਾ ਸੀ ਕਿ 14 ਅਕਤੂਬਰ (ਫ਼ਿਲਮ ਦੀ ਰਿਲੀਜ਼ ਡੇਟ) ਤੋਂ ਬਾਅਦ ਸਾਡੀ ਜ਼ਿੰਦਗੀ ਬਦਲ ਜਾਵੇਗੀ ਪਰ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਰਾਹੁਲ ਦਾ ਦਿਹਾਂਤ ਹੋ ਗਿਆ।’’ ਰਾਹੁਲ ਦਾ ਪਰਿਵਾਰ ਉਸ ਦੇ ਦਿਹਾਂਤ ਦੀ ਖ਼ਬਰ ਕਾਰਨ ਸਦਮੇ ’ਚ ਹੈ।