CBI ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਪੰਜਾਬ ਪੁਲਿਸ ਦਾ DSP ਗ੍ਰਿਫਤਾਰ

0
36

ਚੰਡੀਗੜ੍ਹ: CBI ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦਾ ਡੀਐਸਪੀ ਅਤੇ ਉਸਦੇ ਰੀਡਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੀਬੀਆਈ ਨੇ ਦੋ ਸਾਲ ਪੁਰਾਣੇ ਇਕ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਡੀਐਸਪੀ ਕੈਪਟਨ ਅਮਰੋਜ਼ ਸਿੰਘ ਅਤੇ ਉਸਦੇ ਰੀਡਰ ਨੂੰ ਗ੍ਰਿਫਤਾਰ ਕੀਤਾ ਹੈ।

ਸੀਬੀਆਈ ਨੇ ਪੰਜਾਬ ਪੁਲਿਸ ਦੇ ਡੀਐਸਪੀ ਅਮਰੋਜ਼ ਸਿੰਘ, ਉਸਦੇ ਰੀਡਰ ਮਨਦੀਪ ਅਤੇ ਦੋ ਹੋਰਾਂ ਮਨੀਸ਼ ਗੌਤਮ ਤੇ ਪ੍ਰਦੀਪ ਨੂੰ 50 ਲੱਖ ਰੁਪਏ ਦੇ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਚਾਰੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਡੀਐਸਪੀ ਅਤੇ ਰੀਡਰ ਨੂੰ ਦੋ ਦਿਨ ਦੇ ਸੀਬੀਆਈ ਰਿਮਾਂਡ ਤੇ ਮਨੀਸ਼ ਅਤੇ ਪ੍ਰਦੀਪ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਸਾਲ 2021 ਵਿੱਚ ਅੰਬਾਲਾ ਵਾਸੀ ਅਤੇ ਆਈਟੀ ਕੰਪਨੀ ਦੇ ਮਾਲਕ ਮੋਹਿਤ ਸ਼ਰਮਾ ਨੇ ਜ਼ੀਰਕਪੁਰ ਦੇ ਤੱਤਕਾਲੀ ਡੀਐਸਪੀ ਅਮਰੋਜ਼ ਸਿੰਘ ਨੂੰ ਸ਼ਿਕਾਇਤ ਦਿੱਤੀ ਸੀ ਕਿ ਜੀਂਦ ਵਾਸੀ ਅਨਿਲ ਮੋੜ ਅਤੇ ਕੈਥਲ ਵਾਸੀ ਦਿਲਬਾਗ ਸਿੰਘ ਉਸ ਨੂੰ ਬਲੈਕਮੇਲ ਕਰਕੇ ਕੰਪਨੀ ਵਿੱਚ ਸ਼ੇਅਰ ਤੇ ਪੈਸੇ ਮੰਗ ਰਹੇ ਹਨ ਪਰ ਉਸ ਦੀ ਸ਼ਿਕਾਇਤ ‘ਤੇ ਗੌਰ ਨਹੀਂ ਕੀਤਾ ਗਿਆ। ਜਦਕਿ ਮੋਹਿਤ ਨੇ ਅਨਿਲ ਅਤੇ ਦਿਲਬਾਗ ਨੂੰ ਨਾ ਤਾਂ ਪੈਸੇ ਦਿੱਤੇ ਅਤੇ ਨਾ ਹੀ ਕੰਪਨੀ ‘ਚ ਸ਼ੇਅਰ।

ਇਸ ਦੌਰਾਨ ਪ੍ਰਦੀਪ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਕਿ ਮੋਹਿਤ ਦੀ ਕੰਪਨੀ ਵਿਚ ਉਸ ਦੇ 15 ਲੱਖ ਰੁਪਏ ਦੇ ਸ਼ੇਅਰ ਹਨ ਪਰ ਉਹ ਉਨ੍ਹਾਂ ਨੂੰ ਵਾਪਸ ਨਹੀਂ ਕਰ ਰਿਹਾ। ਇਸ ਸ਼ਿਕਾਇਤ ਬਾਰੇ ਅਨਿਲ ਅਤੇ ਦਿਲਬਾਗ ਨੂੰ ਪਤਾ ਲੱਗਾ। ਉਨ੍ਹਾਂ ਨੇ ਪੁਲਿਸ ਨਾਲ ਮਿਲੀਭੁਗਤ ਕਰਕੇ ਪ੍ਰਦੀਪ ਦੀ ਸ਼ਿਕਾਇਤ ਦੇ ਆਧਾਰ ‘ਤੇ ਮੋਹਿਤ ਦੀ ਕੰਪਨੀ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ।

ਇਸ ਦੇ ਨਾਲ ਹੀ ਉਕਤ ਸ਼ਿਕਾਇਤ ‘ਤੇ ਡੀਐਸਪੀ ਅਮਰੋਜ਼ ਸਿੰਘ ਦੇ ਰੀਡਰ ਮਨਦੀਪ ਨੇ ਮੋਹਿਤ ਨੂੰ ਫੋਨ ਕਰਕੇ ਕਿਹਾ ਕਿ ਉਸ ਖ਼ਿਲਾਫ਼ ਸ਼ਿਕਾਇਤ ਮਿਲੀ ਹੈ। ਇਸ ਸਬੰਧੀ ਡੀਐਸਪੀ ਨੇ ਬੁਲਾਇਆ ਹੈ। ਉਸੇ ਦਿਨ ਹੀ ਅਨਿਲ ਤੇ ਦਿਲਬਾਗ ਨੇ ਮੋਹਿਤ ਨੂੰ ਫੋਨ ਕਰਕੇ ਕਿਹਾ ਕਿ ਜੇਕਰ ਉਹ ਇਨ੍ਹਾਂ ਸਾਰੇ ਮਾਮਲਿਆਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਤਾਂ ਉਸ ਨੂੰ 50 ਲੱਖ ਰੁਪਏ ਦੇਣੇ ਪੈਣਗੇ।

ਇਹ ਵੀ ਪੜ੍ਹੋ : ਪਟਿਆਲਾ ਦੇ ਨੌਜਵਾਨ ਹਸ਼ੀਸ਼ ਸਿੰਘ ਦੀ ਕੈਨੇਡਾ ‘ਚ ਹਾਰਟ ਅਟੈਕ ਨਾਲ ਮੌਤ

ਮੋਹਿਤ ਨੇ ਮੁਲਜ਼ਮਾਂ ਨੂੰ 12.5 ਲੱਖ ਰੁਪਏ ਦੀ ਰਿਸ਼ਵਤ ਦਿੱਤੀ। ਇਸ ‘ਤੇ ਦੋਵੇਂ ਮੁਲਜ਼ਮ ਦਬਾਅ ਪਾਉਣ ਲੱਗੇ। ਮੋਹਿਤ ਨੇ ਇਸ ਸਬੰਧੀ ਚੰਡੀਗੜ੍ਹ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਹੈ। ਉਸ ਦੀ ਸ਼ਿਕਾਇਤ ‘ਤੇ ਚੰਡੀਗੜ੍ਹ ਸੀਬੀਆਈ ਨੇ 7 ਮਾਰਚ 2021 ਨੂੰ ਅਨਿਲ ਲਈ ਜਾਲ ਵਿਛਾ ਕੇ 10 ਲੱਖ ਰੁਪਏ ਦੀ ਰਿਸ਼ਵਤ ਲੈਣ ਲਈ ਬੁਲਾਇਆ।

ਦਿਲਬਾਗ ਵੀ ਉਸ ਦੇ ਨਾਲ ਆ ਗਿਆ। ਦੋਵਾਂ ਨੂੰ ਸੀਬੀਆਈ ਨੇ ਉਸੇ ਸਮੇਂ ਗ੍ਰਿਫ਼ਤਾਰ ਕਰ ਲਿਆ। ਉਸ ਤੋਂ ਬਾਅਦ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਸ ਕੇਸ ਦੀ ਸਾਜ਼ਿਸ਼ ਰਚਣ ਵਿਚ ਅਮਰੋਜ਼ ਸਿੰਘ, ਉਸ ਦੇ ਰੀਡਰ ਮਨਦੀਪ ਅਤੇ ਦੋ ਹੋਰ ਮੁਲਜ਼ਮਾਂ ਦਾ ਹੱਥ ਸੀ।

 

LEAVE A REPLY

Please enter your comment!
Please enter your name here