ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ‘ਚ ਆਮ ਲੋਕਾਂ ਨਾਲ ਜੁੜੀਆਂ ਯੋਜਨਾਵਾਂ ‘ਤੇ ਵੱਡੇ ਐਲਾਨ ਕੀਤੇ। ਸੰਸਦ ‘ਚ ਅੰਤਰਿਮ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੋਵਿਡ ਦੇ ਬਾਵਜੂਦ ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੇਂਡੂ) ਤਹਿਤ 3 ਕਰੋੜ ਘਰਾਂ ਦਾ ਨਿਰਮਾਣ ਪੂਰਾ ਕੀਤਾ ਹੈ। ਅਗਲੇ 5 ਸਾਲਾਂ ‘ਚ 2 ਕਰੋੜ ਹੋਰ ਘਰ ਬਣਾਏ ਜਾਣਗੇ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਸਹੀ ਦਿਸ਼ਾ ‘ਚ ਹੈ। ਸਾਡੀ ਸਰਕਾਰ ਦਾ ਧਿਆਨ ਪਾਰਦਰਸ਼ੀ ਸ਼ਾਸਨ ‘ਤੇ ਹੈ। ਵਿੱਤ ਮੰਤਰੀ ਨੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਗਿਣਵਾਈਆਂ ਤੇ ਭਾਰਤ ਦੇ ਵਿਕਾਸ ਦੀ ਗਤੀ ਬਾਰੇ ਚਰਚਾ ਕੀਤੀ। ਨਿਰਮਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅਗਲੇ 5 ਸਾਲਾਂ ਵਿੱਚ ਪੇਂਡੂ ਖੇਤਰਾਂ ਵਿੱਚ ਦੋ ਕਰੋੜ ਹੋਰ ਘਰ ਬਣਾਏ ਜਾਣਗੇ।
ਅੰਤਰਿਮ ਬਜਟ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ 3 ਨਵੇਂ ਰੇਲਵੇ ਆਰਥਿਕ ਗਲਿਆਰੇ ਬਣਾਏ ਜਾਣਗੇ। ਇਹ ਕੋਰੀਡੋਰ ਊਰਜਾ, ਖਣਿਜ ਅਤੇ ਸੀਮਿੰਟ ਲਈ ਹੋਣਗੇ। ਇਸ ਪ੍ਰੋਜੈਕਟ ਦੀ ਪਛਾਣ ਪ੍ਰਧਾਨ ਮੰਤਰੀ ਗਤੀਸ਼ਕਤੀ ਯੋਜਨਾ ਦੇ ਤਹਿਤ ਕੀਤੀ ਗਈ ਹੈ। ਇਸ ਨਾਲ ਯਾਤਰੀ ਟਰੇਨਾਂ ਦੇ ਸੰਚਾਲਨ ਵਿੱਚ ਸੁਧਾਰ ਹੋਵੇਗਾ ਅਤੇ ਟ੍ਰੇਨਾਂ ਵਿੱਚ ਸਫਰ ਕਰਨਾ ਸੁਰੱਖਿਅਤ ਰਹੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਗਲਿਆਰਿਆਂ ਦੇ ਨਾਲ-ਨਾਲ ਤਿੰਨ ਆਰਥਿਕ ਗਲਿਆਰਾ ਪ੍ਰੋਗਰਾਮਾਂ ਨਾਲ ਸਾਡੀ ਜੀਡੀਪੀ ਦੀ ਵਿਕਾਸ ਦਰ ਵਧੇਗੀ ਤੇ ਰਸਦ ਵਿਵਸਥਾ ਸਬੰਧੀ ਲਾਗਤ ਵਿੱਚ ਵੀ ਕਮੀ ਆਵੇਗੀ। ਇੱਕ ਅਹਿਮ ਐਲਾਨ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ 40 ਹਜ਼ਾਰ ਆਮ ਬੋਗੀਆਂ ਨੂੰ ਵੰਦੇ ਭਾਰਤ ਦੇ ਪੈਮਾਨਿਆਂ ‘ਤੇ ਵਿਕਸਿਤ ਕੀਤਾ ਜਾਵੇਗਾ, ਤਾਂ ਜੋ ਯਾਤਰੀਆਂ ਦੀ ਸੁਰੱਖਿਆ ਤੇ ਸਹੂਲੀਅਤ ਨੂੰ ਵਧਾਇਆ ਜਾ ਸਕੇ।
ਅੰਤਰਿਮ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਨੂੰ ਬਿਜਲੀ ਦੇ ਮਾਮਲੇ ਵਿਚ ਹੋਰ ਆਤਮ ਨਿਰਭਰ ਬਣਾਉਣ ਲਈ ਇੱਕ ਕਰੋੜ ਘਰਾਂ ਨੂੰ 300 ਯੂਨਿਟ ਸੂਰਜੀ ਬਿਜਲੀ ਮੁਫ਼ਤ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਅਜਿਹੇ ‘ਚ ਇਕ ਖ਼ਾਸ ਐਲਾਨ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਸੂਰਿਆ ਉਦੈ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਤਹਿਤ ਛੱਤ ਉੱਤੇ ਸੋਲਰ ਸਿਸਟਮ ਲਗਾਏ ਜਾਣਗੇ।