ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਦੇ ਡੀ.ਆਈ.ਜੀ. ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਬੀ.ਐੱਸ.ਐੱਫ. ਦੀ 136 ਬਟਾਲੀਅਨ ਨੇ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੀ ਬੀ.ਓ.ਪੀ. ਜਗਦੀਸ਼ ਤੇ ਇੱਕ ਹਥਿਆਰਾਂ ਦੇ ਜ਼ਖੀਰੇ ਨਾਲ ਭਰਿਆ ਹੋਇਆ ਬੈਗ ਬਰਾਮਦ ਕੀਤਾ ਹੈ। (ਬੀਐਸਐਫ) ਜਵਾਨਾਂ ਨੇ ਫਿਰੋਜ਼ਪੁਰ ਸੈਕਟਰ ਵਿੱਚ ਭਾਰਤ-ਪਾਕਿ ਸਰਹੱਦ ਤੋਂ ਤਿੰਨ ਏਕੇ-47 ਰਾਈਫਲਾਂ, ਤਿੰਨ ਮਿੰਨੀ ਏਕੇ-47 ਰਾਈਫਲਾਂ ਅਤੇ ਤਿੰਨ ਪਿਸਤੌਲ ਬਰਾਮਦ ਕੀਤੇ ਹਨ।
ਵੇਰਵਿਆਂ ਅਨੁਸਾਰ ਬੀਐਸਐਫ ਦੇ ਜਵਾਨਾਂ ਨੇ ਛੇ ਖਾਲੀ ਮੈਗਜ਼ੀਨਾਂ ਨਾਲ ਤਿੰਨ ਏਕੇ-47 ਰਾਈਫਲਾਂ, ਪੰਜ ਖਾਲੀ ਮੈਗਜ਼ੀਨਾਂ ਨਾਲ ਤਿੰਨ ਮਿੰਨੀ ਏਕੇ-47 ਰਾਈਫਲਾਂ ਅਤੇ ਛੇ ਖਾਲੀ ਮੈਗਜ਼ੀਨਾਂ ਨਾਲ ਤਿੰਨ ਪਿਸਤੌਲ (ਬੇਰੇਟਾ ਟਾਈਪ) ਬਰਾਮਦ ਕੀਤੇ ਹਨ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਮੌਕੇ ਤੋਂ 200 ਰੌਂਦ (ਰਾਈਫਲ ਦੇ 100 ਰੌਂਦ ਅਤੇ ਪਿਸਤੌਲ ਦੇ 100 ਰਾਉਂਡ) ਵੀ ਬਰਾਮਦ ਕੀਤੇ ਗਏ ਹਨ।ਪੁਲਿਸ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ।
ਬੀ.ਐੱਸ.ਐੱਫ. ਦੇ ਜਵਾਨਾਂ ਅਨੁਸਾਰ ਹਥਿਆਰਾਂ ਦਾ ਇਹ ਜ਼ਖ਼ੀਰਾ ਜੀਰੋ ਲਾਈਨ ਤੋਂ ਬਰਾਮਦ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ-ਪਾਕਿ ਬਾਰਡਰ ’ਤੇ ਬੀ.ਐੱਸ.ਐੱਫ. ਪੂਰੀ ਤਰ੍ਹਾਂ ਨਾਲ ਚੌਕਸ ਰਹਿੰਦੇ ਹੋਏ ਡਿਊਟੀ ਕਰ ਰਹੀ ਹੈ।