ਸਰਹੱਦੀ ਇਲਾਕੇ ‘ਚ BSF ਤੇ ਪੰਜਾਬ ਪੁਲਿਸ ਨੇ ਤਲਾਸ਼ੀ ਮੁਹਿੰਮ ਦੌਰਾਨ ਪਿਸਤੌਲ ਤੇ ਮੈਗਜ਼ੀਨ ਕੀਤੇ ਬਰਾਮਦ
ਸਰਹੱਦੀ ਇਲਾਕੇ ਤਰਨ ਤਾਰਨ ‘ਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਚੌਕਸ ਜਵਾਨਾਂ ਨੇ ਇਕ ਪਿਸਤੌਲ ਅਤੇ 2 ਮੈਗਜ਼ੀਨ ਬਰਾਮਦ ਕੀਤੇ ਹਨ। ਇਹ ਬਰਾਮਦਗੀ ਬੀਐਸਐਫ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਕੀਤੀ ਸੀ। 29 ਜੁਲਾਈ 2024 ਨੂੰ ਜ਼ਿਲ੍ਹਾ ਤਰਨ ਤਾਰਨ ਦੇ ਸਰਹੱਦੀ ਖੇਤਰ ਵਿੱਚ ਇੱਕ ਸ਼ੱਕੀ ਪੈਕੇਟ ਦੀ ਮੌਜੂਦਗੀ ਬਾਰੇ ਬੀਐਸਐਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਧਾਰ ‘ਤੇ ਬੀਐਸਐਫ ਦੇ ਜਵਾਨਾਂ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸ਼ੱਕੀ ਖੇਤਰ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਸੀ।
ਪੀਲੇ ਰੰਗ ਦੀ ਟੇਪ ‘ਚ ਲਪੇਟਿਆ ਪੈਕੇਟ ਕੀਤਾ ਬਰਾਮਦ
ਤਲਾਸ਼ੀ ਦੌਰਾਨ ਚੌਕਸ ਜਵਾਨਾਂ ਨੇ ਪੀਲੇ ਰੰਗ ਦੀ ਟੇਪ ‘ਚ ਲਪੇਟਿਆ ਇਕ ਪੈਕੇਟ ਸਫਲਤਾਪੂਰਵਕ ਬਰਾਮਦ ਕੀਤਾ। ਪੈਕੇਟ ਖੋਲ੍ਹਣ ‘ਤੇ ਉਸ ਵਿਚੋਂ ਬਿਨਾਂ ਸਲਾਈਡ ਅਤੇ ਬੈਰਲ ਦੀ 01 ਪਿਸਤੌਲ ਅਤੇ 02 ਪਿਸਤੌਲ ਮੈਗਜ਼ੀਨ ਮਿਲੇ।
ਇਹ ਬਰਾਮਦਗੀ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਮਸਤਗੜ੍ਹ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਹੋਈ। ਸਰਹੱਦੀ ਖੇਤਰ ਵਿੱਚ ਹਥਿਆਰ ਦੀ ਇਹ ਮਹੱਤਵਪੂਰਣ ਬਰਾਮਦਗੀ ਬੀਐਸਐਫ ਦੇ ਖੁਫੀਆ ਵਿੰਗ ਦੁਆਰਾ ਸਾਂਝੀ ਕੀਤੀ ਗਈ ਇੱਕ ਵਿਸ਼ੇਸ਼ ਜਾਣਕਾਰੀ ਤੋਂ ਬਾਅਦ ਬੀਐਸਐਫ ਦੇ ਦ੍ਰਿੜ ਅਤੇ ਚੌਕਸ ਜਵਾਨਾਂ ਅਤੇ ਪੰਜਾਬ ਪੁਲਿਸ ਦੁਆਰਾ ਤੁਰੰਤ ਕਾਰਵਾਈ ਦਾ ਨਤੀਜਾ ਸੀ।