BSF ਨੇ ਫ਼ਿਰੋਜ਼ਪੁਰ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਬੀਓਪੀ ਲੱਖਾ ਸਿੰਘ ਵਾਲਾ (ਜੱਲੋਕੇ) ਤੋਂ ਪਾਕਿਸਤਾਨੀ ਡਰੋਨਾਂ ਰਾਹੀਂ ਤਸਕਰੀ ਕੀਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਇੱਕ ਖੇਪ ਬਰਾਮਦ ਕੀਤੀ ਹੈ। ਜਦੋਂ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਇੱਕ AK-47 ਅਸਾਲਟ ਰਾਈਫਲ, ਦੋ AK-47 ਮੈਗਜ਼ੀਨ, 40 ਜਿੰਦਾ ਰੌਂਦ (7.62 ਮਿਲੀਮੀਟਰ) ਅਤੇ 40,000 ਰੁਪਏ ਨਕਦ ਬਰਾਮਦ ਹੋਏ।
ਪਿੰਡ ਜੱਲੋਕੇ ਵਿੱਚ ਸ਼ੁੱਕਰਵਾਰ ਨੂੰ ਇੱਕ ਕਿਸਾਨ ਆਪਣੇ ਖੇਤ ਨੂੰ ਪਾਣੀ ਲਗਾ ਰਿਹਾ ਸੀ। ਕਿਸਾਨ ਦਾ ਖੇਤ ਸੀਮਾ ਸੁਰੱਖਿਆ ਬਲ ਦੀ ਚੌਕੀ ਲੱਖਾ ਸਿੰਘ ਵਾਲਾ ਨੇੜੇ ਹੈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਰਾਤ ਨੂੰ ਇਕ ਪਾਕਿਸਤਾਨੀ ਡਰੋਨ ਨੇ ਖੇਤ ‘ਚ ਇਕ ਬੈਗ ਸੁੱਟਿਆ ਸੀ। ਖੇਤ ਵਿੱਚ ਪਏ ਬੈਗ ਬਾਰੇ ਕਿਸਾਨ ਨੇ ਪਿੰਡ ਦੇ ਸਰਪੰਚ ਨੂੰ ਸੂਚਨਾ ਦਿੱਤੀ। ਬੈਗ ਵਿੱਚ ਹਥਿਆਰ ਦੇਖ ਕੇ ਸਰਪੰਚ ਨੇ BSF ਨੂੰ ਸੂਚਿਤ ਕੀਤਾ।
BSF ਨੇ ਜਦੋਂ ਬੈਗ ਖੋਲ੍ਹਿਆ ਤਾਂ ਉਸ ਵਿੱਚੋਂ AK-47, ਦੋ ਮੈਗਜ਼ੀਨ, 40 ਕਾਰਤੂਸ ਅਤੇ 40 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ। ਸਰਹੱਦ ‘ਤੇ ਸੁਰੱਖਿਆ ਵਧਾਏ ਜਾਣ ਕਾਰਨ ਹਥਿਆਰਾਂ ਦੀ ਖੇਪ ਜ਼ਬਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ BSF ਨੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਹੈ।