ਫ਼ਿਰੋਜ਼ਪੁਰ: ਨਸ਼ਾ ਤਸਕਰਾਂ ਵੱਲੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਇੱਕ ਹੋਰ ਕੋਸ਼ਿਸ਼ ਨੂੰ ਚੌਕਸ BSF ਜਵਾਨਾਂ ਨੇ ਨਾਕਾਮ ਕਰ ਦਿੱਤਾ। ਸਰਹੱਦੀ ਪਿੰਡ ਐਲ.ਐਸ.ਵਾਲਾ ਨੇੜਿਓਂ ਸ਼ੱਕੀ ਹੈਰੋਇਨ ਦਾ ਪੈਕਟ ਬਰਾਮਦ ਹੋਇਆ ਹੈ। ਬਰਾਮਦ ਕੀਤੇ ਪੈਕੇਟ ਦੇ ਕੋਲ ਇੱਕ ਮੱਧਮ ਜਿਹੀ ਰੌਸ਼ਨੀ ਵਾਲੀ ਗੇਂਦ ਵੀ ਮਿਲੀ। ਬਰਾਮਦ ਹੋਏ ਪੈਕੇਟ ਦਾ ਭਾਰ 480 ਗ੍ਰਾਮ ਹੈ।
BSF ਦੇ ਬੁਲਾਰੇ ਅਨੁਸਾਰ 1 ਜਨਵਰੀ 2024 ਦੀ ਸ਼ਾਮ ਨੂੰ ਇੱਕ ਖੇਪ ਦੀ ਮੌਜੂਦਗੀ ਬਾਰੇ ਵਿਸ਼ੇਸ਼ ਸੂਚਨਾ ਮਿਲੀ ਸੀ ਜਿਸ ‘ਤੋਂ ਬਾਅਦ ਚੌਕਸ BSF ਦੇ ਜਵਾਨਾਂ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਐਲਐਸ ਵਾਲਾ ਦੇ ਬਾਹਰਵਾਰ ਤਲਾਸ਼ੀ ਮੁਹਿੰਮ ਚਲਾਈ। ਇਸ ਮੁਹਿੰਮ ਦੌਰਾਨ ਸ਼ਾਮ 6:35 ਵਜੇ ਦੇ ਕਰੀਬ ਪਾਰਟੀ ਨੇ ਇੱਕ ਖੇਤ ਵਿੱਚੋਂ 1 ਪੈਕੇਟ ਬਰਾਮਦ ਕੀਤਾ।
ਬੁਲਾਰੇ ਨੇ ਦੱਸਿਆ ਕਿ ਬਰਾਮਦ ਹੋਇਆ ਪੈਕੇਟ ਪੀਲੀ ਚਿਪਕਣ ਵਾਲੀ ਟੇਪ ਵਿੱਚ ਲਪੇਟਿਆ ਗਿਆ ਸੀ ਅਤੇ ਨਾਲ ਹੀ ਇੱਕ ਛੋਟੀ ਜਿਹੀ ਰੋਸ਼ਨੀ ਵਾਲੀ ਬਾਲ ਵੀ ਸੀ। ਫ਼ਿਰੋਜ਼ਪੁਰ BSF ਰੇਂਜ ਅਧੀਨ ਸਾਲ 2024 ਵਿੱਚ ਹੈਰੋਇਨ ਦੀ ਤਸਕਰੀ ਦੀ ਇਹ ਪਹਿਲੀ ਘਟਨਾ ਸੀ, ਜਿਸ ਨੂੰ ਜਵਾਨਾਂ ਵੱਲੋਂ ਸਮੇਂ ਸਿਰ ਨਾਕਾਮ ਕਰ ਦਿੱਤਾ ਗਿਆ ਹੈ।