ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੀ ਸਰਕਾਰ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਬਰਖਾਸਤ ਕਰ ਦਿੱਤਾ ਹੈ।ਉਨ੍ਹਾਂ ਨੇ ਪੁਲਿਸ ‘ਤੇ ਫਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਪ੍ਰਤੀ ਬਹੁਤ ਵੱਧ ਨਰਮੀ ਵਰਤਣ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਇਸ ਦੇ ਬਾਅਦ ਐਤਵਾਰ ਨੂੰ ਉਨ੍ਹਾਂ ਨੇ ਪੁਲਿਸ ਦੇ ਸਮਰਥਨ ਵਿਚ ਬਿਆਨ ਦਿੱਤਾ। ਆਪਣੀ ਕੁਰਸੀ ਬਚਾਉਣ ਲਈ ਪੁਲਿਸ ਦੇ ਸਮਰਥਨ ਕਰਨ ਵਿਚ ਉਨ੍ਹਾਂ ਨੇ ਦੇਰ ਕਰ ਦਿੱਤੀ।
ਪ੍ਰਧਾਨ ਮੰਤਰੀ ਦਫਤਰ ਮੁਤਾਬਕ ਬ੍ਰਿਟਿਸ਼ ਵਿਦੇਸ਼ ਮੰਤਰੀ ਜੇਮਸ ਕਲੇਵਰਲੀ ਨੂੰ ਬ੍ਰੇਵਰਮੈਨ ਦੀ ਜਗ੍ਹਾ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਡੇਵਿਡ ਕੈਮਰਨ ਨੂੰ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕੈਮਰਨ ਬ੍ਰਿਟੇਨ ਸਰਕਾਰ ਵਿਚ ਵਿਦੇਸ਼, ਰਾਸ਼ਟਰਮੰਡਲ ਤੇ ਵਿਕਾਸ ਮਾਮਲਿਆਂ ਦੇ ਸੂਬਾ ਸਕੱਤਰ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ।
ਦਰਅਸਲ ਪਿਛਲੇ ਹਫਤੇ ਫਲਸਤੀਨ ਦੇ ਸਮਰਥਨ ਵਿਚ ਇਕ ਰੈਲੀ ਕੱਢੀ ਗਈ ਸੀ। ਇਸ ਦੌਰਾਨ ਭੀੜ ਨੇ ਪੁਲਿਸ ‘ਤੇ ਹਮਲਾ ਬੋਲ ਦਿੱਤਾ ਸੀ। ਇਸ ਦੇ ਬਾਅਦ ਸੁਨਕ ਕੈਬਨਿਟ ਦੇ ਕਈ ਮੰਤਰੀਆਂ ਤੇ ਪਾਰਟੀ ਮੈਂਬਰਾਂ ਨੇ ਸੁਏਲਾ ਤੋਂ ਜਵਾਬ ਮੰਗਿਆ ਸੀ।ਇਸ ‘ਤੇ ਉਨ੍ਹਾਂ ਨੇ ਇਸ ਨੂੰ ਪੁਲਿਸ ਦੀ ਅਸਫਲਤਾ ਦੱਸਿਆ ਸੀ।
ਇਸ ਮਾਮਲੇ ਨੂੰ ਲੈ ਕੇ ਸੁਨਕ ‘ਤੇ ਆਪਣੀ ਕੰਜ਼ਰਵੇਟਿਵ ਪਾਰਟੀ ਦਾ ਵੀ ਦਬਾਅ ਸੀ ਤੇ ਨਾਲ ਹੀ ਵਿਰੋਧੀ ਧਿਰ ਦੇ ਹਮਲੇ ਵੀ ਉਨ੍ਹਾਂ ਦੀ ਪ੍ਰੇਸ਼ਾਨੀ ਵਧਾ ਰਹੇ ਸਨ। ਬ੍ਰੇਵਰਮੈਨ ਨੇ ਸ਼ਾਮ ਨੂੰ ਇਕ ਬਿਆਨ ਵਿਚ ਕਿਹਾ ਸੀ ਕਿ ਸਾਡੇ ਬਹਾਦੁਰ ਪੁਲਿਸ ਅਧਿਕਾਰੀ ਕੱਲ੍ਹ ਲੰਦਨ ਵਿਚ ਪ੍ਰਦਰਸ਼ਨਕਾਰੀਆਂ ਦੀ ਹਿੰਸਾ ਦਾ ਸਾਹਮਣਾ ਕਰਨ ਲਈ ਸਾਰੇ ਨਾਗਰਿਕਾਂ ਦੇ ਧੰਨਵਾਦ ਦੇ ਪਾਤਰ ਹਨ। ਆਪਣੀ ਡਿਊਟੀ ਕਰਦੇ ਹੋਏ ਕਈ ਅਧਿਕਾਰੀ ਜ਼ਖਮੀ ਹੋਏ।
ਆਪਣੀ ਸਫਾਈ ਵਿਚ ਬ੍ਰੇਵਰਮੈਨ ਨੇ ਅੱਗੇ ਕਿਹਾ ਸੀ ਕਿ ਪ੍ਰਦਰਸ਼ਨ ਦੌਰਾਨ ਖੁੱਲ੍ਹੇ ਤੌਰ ‘ਤੇ ਇਸਤੇਮਾਲ ਕੀਤੇ ਗਏ ਭੜਕਾਊ ਭਾਸ਼ਣ ਠੀਕ ਨਹੀਂ ਹੈ। ਇਹ ਗਲਤ ਸੰਦੇਸ਼ ਦਿੰਦੇ ਹਨ। ਯਹੂਦੀ ਵਿਰੋਧੀ ਭਾਵਨਾ ਦੇ ਨਾਲ ਅੱਤਵਾਦ ਨੂੰ ਇੰਨੇ ਵੱਡੇ ਪੈਮਾਨੇ ‘ਤੇ ਮਹੱਤਵ ਦੇਣਾ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ।