ਪੁਲਸ ਵੱਲੋਂ ਕੱਢਿਆ ਡੀ. ਆਈ. ਜੀ. ਚਹਿਲ ਦੀ ਅਗਵਾਈ ਹੇਠ ਫਲੈਗ ਮਾਰਚ

0
21
flag march
ਪਟਿਆਲਾ, 12 ਦਸੰਬਰ 2025 : ਪਟਿਆਲਾ ਪੁਲਸ (Patiala Police) ਨੇ ਅੱਜ ਡੀ. ਆਈ. ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਫਲੈਗ ਮਾਰਚ (Flag March) ਕਰਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025 ਦੇ ਅਮਲ ਨੂੰ ਨਿਰਪੱਖ, ਪਾਰਦਰਸ਼ੀ, ਅਮਨ-ਅਮਾਨ ਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਆਪਣੀ ਵਚਨਬੱਧਤਾ ਪ੍ਰਗਟਾਈ । ਇੱਥੇ ਸਰਹਿੰਦ ਰੋਡ ਵਿਖੇ ਪਿੰਡ ਬਾਰਨ ਵਿਖੇ ਐਸ. ਪੀ. ਸਥਾਨਕ ਵੈਭਵ ਚੌਧਰੀ ਤੇ ਐਸ. ਪੀ. (ਸਿਟੀ) ਪਲਵਿੰਦਰ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਇਕੱਠੀ ਹੋਈ ਪੁਲਸ ਫੋਰਸ ਨੇ ਡੀ. ਆਈ. ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਚੋਣਾਂ ਵਾਲੇ ਪਿੰਡਾਂ ਅੰਦਰ ਫਲੈਗ ਮਾਰਚ ਕੀਤਾ ।

ਪਟਿਆਲਾ ਪੁਲਸ ਨਿਰਪੱਖ, ਪਾਰਦਰਸ਼ੀ ਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ : ਡੀ. ਆਈ. ਜੀ. ਕੁਲਦੀਪ ਸਿੰਘ ਚਹਿਲ

ਡੀ. ਆਈ. ਜੀ. ਕੁਲਦੀਪ ਸਿੰਘ ਚਹਿਲ (D. I. G. Kuldeep Singh Chahal) ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ (Punjab State Election Commission) ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਅੰਦਰ ਸਾਂਤੀਪੂਰਨ ਤੇ ਅਮਨ ਅਮਾਨ ਨਾਲ ਵੋਟਾਂ ਪੁਆਈਆਂ ਜਾਣਗੀਆਂ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਆਪਣੇ ਹੱਥ `ਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ । ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਡਰ-ਭੈਅ ਤੋਂ ਵੋਟਾਂ ਪਾਉਣ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਸੁਰੱਖਿਆ ਰਣਨੀਤੀ ਬਣਾ ਲਈ ਹੈ ਅਤੇ ਉਸੇ ਮੁਤਾਬਕ ਜ਼ਿਲ੍ਹੇ ਭਰ ਅੰਦਰ ਐਸ. ਪੀਜ, ਡੀ. ਐਸ. ਪੀਜ. ਤੇ ਹੋਰ ਅਧਿਕਾਰੀਆਂ ਦੀ ਅਗਵਾਈ ਹੇਠ ਸਾਰੇ ਬਲਾਕਾਂ ਅੰਦਰ ਸੁਰੱਖਿਆ ਫੋਰਸ ਦੀ ਤਾਇਨਾਤੀ ਕੀਤੀ ਜਾਵੇਗੀ ।

ਕਿਸੇ ਸ਼ਰਾਰਤੀ ਅਨਸਰ ਨੂੰ ਕਾਨੂੰਨ ਆਪਣੇ ਹੱਥ `ਚ ਨਹੀਂ ਲੈਣ ਦਿੱਤਾ ਜਾਵੇਗਾ

ਡੀ. ਆਈ. ਜੀ. ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਿਵਲ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਪਛਾਣ ਕੀਤੇ ਗਏ 21 ਅਤਿਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਅਤੇ 159 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਵਿਖੇ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵਾਧੂ ਸੁਰੱਖਿਆ ਫੋਰਸ ਦੀ ਵੀ ਤਾਇਨਾਤੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਪਟਿਆਲਾ ਨਾਲ ਲੱਗਦੇ ਗਵਾਂਢੀ ਜ਼ਿਲ੍ਹਿਆਂ ਵਿਖੇ ਨਜ਼ਾਇਜ ਸ਼ਰਾਬ, ਹਥਿਆਰਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਨਗ਼ਦੀ ਦੇ ਗ਼ੈਰ-ਕਾਨੂੰਨੀ ਪ੍ਰਵਾਹ ਨੂੰ ਰੋਕਣ ਲਈ ਅੰਤਰ-ਰਾਜੀ ਨਾਕੇ 12 ਦਸੰਬਰ ਤੋਂ 24 ਘੰਟੇ ਅੰਤਰਰਾਜੀ ਸਾਂਝੇ ਨਾਕੇ ਲਾਏ ਜਾਣ ਤੋਂ ਇਲਾਵਾ ਗਸ਼ਤ ਤੇ ਹੋਰ ਲੋੜੀਂਦੇ ਕਦਮ ਵੀ ਚੁੱਕੇ ਗਏ ਹਨ ।

ਪੁਲਸ ਵਲੋਂ ਕੀਤੇ ਜਾ ਚੁੱਕੇ ਹਨ ਸਖ਼ਤ ਸੁਰੱਖਿਆ ਪ੍ਰਬੰਧ

ਇਸ ਮੌਕੇ ਐਸ. ਪੀ. ਸਥਾਨਕ ਵੈਭਵ ਚੌਧਰੀ (S. P. Local Vaibhav Chaudhary) ਨੇ ਦੱਸਿਆ ਕਿ ਸਾਰੇ ਸੁਰੱਖਿਆ ਬੰਦੋਬਸਤ ਪੂਰੇ ਕਰਨ ਸਮੇਤ ਜ਼ਿਲ੍ਹਾ ਪੁਲਸ ਵੱਲੋਂ 3100 ਦੇ ਕਰੀਬ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ, ਜਿਨ੍ਹਾਂ `ਚ 207 ਨਾਨ ਗਜਟਿਡ ਅਫ਼ਸਰ ਸ਼ਾਮਲ ਹਨ, ਦੀ ਤਾਇਨਾਤੀ ਇਨ੍ਹਾਂ ਚੋਣਾਂ ਲਈ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਰੇ ਐਸ. ਪੀਜ ਤੇ ਡੀ. ਐਸ. ਪੀਜ ਨੂੰ ਵੀ ਪੂਰੇ ਜ਼ਿਲ੍ਹੇ ਭਰ `ਚ ਨਿਗਰਾਨੀ ਦਾ ਕਾਰਜ ਸੌਂਪਿਆ ਗਿਆ ਹੈ ।

ਫਲੈਗ ਮਾਰਚ ਦਾ ਉਦੇਸ਼ ਲੋਕ ਬਿਨਾਂ ਡਰ ਭੈ ਦੇ ਵੋਟਾਂ ਪਾਉਣ

ਐਸ. ਪੀ. (ਸਿਟੀ) ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਸ ਫਲੈਗ ਮਾਰਚ ਦਾ ਮੰਤਵ ਵੋਟਰਾਂ `ਚ ਇਹ ਸੁਨੇਹਾ ਪਹੁੰਚਾਉਣਾ ਹੈ ਕਿ ਉਹ ਬਿਨ੍ਹਾਂ ਕਿਸੇ ਡਰ ਭੈ ਤੋਂ ਆਪਣੀਆਂ ਵੋਟਾਂ ਪਾਉਣ ਅਤੇ ਸ਼ਰਾਰਤੀ ਅਨਸਰਾਂ ਲਈ ਵੀ ਇਹ ਫਲੈਗ ਮਾਰਚ ਸਖ਼ਤ ਸੁਨੇਹਾ ਹੁੰਦਾ ਹੈ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ ਵਰਨਾ ਪੁਲਸ ਸਖ਼ਤ ਕਾਰਵਾਈ ਕਰਨ ਲਈ ਤਿਆਰ-ਬਰ-ਤਿਆਰ ਹੈ । ਇਸ ਮੌਕੇ ਡੀ. ਐਸ. ਪੀਜ. ਸਤਨਾਮ ਸਿੰਘ ਤੇ ਜੰਗਜੀਤ ਸਿੰਘ ਰੰਧਾਵਾ ਸਮੇਤ ਥਾਣਿਆਂ ਦੇ ਮੁਖੀ ਤੇ ਵੱਡੀ ਗਿਣਤੀ ਪੁਲਿਸ ਫੋਰਸ ਮੌਜੂਦ ਰਹੀ । Read More : ਜਿ਼ਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ 44 ਹਜ਼ਾਰ ਪੁਲਸ ਮੁਲਾਜ਼ਮ ਤਾਇਨਾਤ

LEAVE A REPLY

Please enter your comment!
Please enter your name here