ਚੰਡੀਗੜ੍ਹ, 1 ਜੁਲਾਈ 2025 : ਪੰਜਾਬ ਦੇ ਆਦਮਪੁਰ ਤੋਂ ਮੁੰਬਈ (Adampur to Mumbai) ਲਈ ਇੰਡੀਗੋ ਦੀ ਸਿੱਧੀ ਉਡਾਣ 2 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਉਡਾਣ ਦਾ ਸੰਸਦ ਮੈਂਬਰ (ਰਾਜ ਸਭਾ) (Member of Parliament (Rajya Sabha)) ਸਤਨਾਮ ਸਿੰਘ ਸੰਧੂ ਨੇ ਸਵਾਗਤ ਕੀਤਾ ਹੈ ।
ਸਿੱਖ ਸੰਗਤ ਲਈ ਬਹੁਤ ਮਹੱਤਵਪੂਰਨ ਹੈ : ਸਤਨਾਮ ਸਿੰਘ ਸੰਧੂ
ਸਤਨਾਮ ਸਿੰਘ ਸੰਧੂ (Satnam Singh Sandhu) ਨੇ ਕਿਹਾ ਕਿ ਇਹ ਖ਼ਬਰ ਖਾਸ ਤੌਰ `ਤੇ ਸਿੱਖ ਸੰਗਤ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਸੰਗਤ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਮੰਗ ਨੂੰ ਪੂਰਾ ਕਰੇਗੀ । ਇਸ ਮੌਕੇ `ਤੇ ਖੁਸ਼ੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਨਵੀਂ ਉਡਾਣ ਨਹੀਂ ਹੈ, ਸਗੋਂ ਇਸ ਨੇ ਸਿੱਖ ਸੰਗਤ ਦੇ ਸਾਲਾਂ ਪੁਰਾਣੇ ਇੰਤਜ਼ਾਰ ਨੂੰ ਖਤਮ ਕੀਤਾ ਹੈ। ਇਹ ਉਹ ਮੰਗ ਸੀ ਜੋ ਉਨ੍ਹਾਂ ਵੱਲੋਂ ਲਗਾਤਾਰ ਸੰਸਦ ਅਤੇ ਸਰਕਾਰ ਦੇ ਸਾਹਮਣੇ ਉਠਾਈ ਜਾ ਰਹੀ ਸੀ ।
ਰਾਜ ਸਭਾ ਵਿੱਚ ਇਹ ਮੁੱਦਾ ਪ੍ਰਮੁੱਖਤਾ ਨਾਲ ਰੱਖਿਆ ਗਿਆ
ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਤੋਂ ਹਜ਼ੂਰ ਸਾਹਿਬ ਪਹੁੰਚਣਾ, ਖਾਸ ਕਰਕੇ ਬਜ਼ੁਰਗ ਸ਼ਰਧਾਲੂਆਂ ਲਈ, ਕਾਫੀ ਮੁਸ਼ਕਲ ਸੀ ਕਿਉਂਕਿ ਇਥੋਂ ਇਸ ਲਈ ਕੋਈ ਸਿੱਧੀ ਉਡਾਣ ਨਹੀਂ ਸੀ । ਇਸ ਨੂੰ ਵੇਖਦਿਆਂ ਪੰਜਾਬ ਮੁੰਬਈ ਨਾਂਦੇੜ ਹਵਾਈ ਸੰਪਰਕ ਦੀ ਮੰਗ ਲਗਾਤਾਰ ਚੁੱਕੀ ਜਾ ਰਹੀ ਸੀ ਅਤੇ ਉਨ੍ਹਾਂ ਵੱਲੋਂ ਵੀ ਰਾਜ ਸਭਾ ਵਿੱਚ ਇਹ ਮੁੱਦਾ ਪ੍ਰਮੁੱਖਤਾ ਨਾਲ ਰੱਖਿਆ ਗਿਆ ।
ਗੁਰੂਘਰਾਂ ਤੱਕ ਪਹੁੰਚ ਨੂੰ ਵਧਾਉਣ ਲਈ ਸ਼ਲਾਘਾ ਯੋਗ ਕੰਮ ਕੀਤਾ ਹੈ
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਨੇ ਸਾਡੀ ਗੁਰੂਘਰਾਂ ਤੱਕ ਪਹੁੰਚ ਨੂੰ ਵਧਾਉਣ ਲਈ ਸ਼ਲਾਘਾ ਯੋਗ ਕੰਮ ਕੀਤਾ ਹੈ । `ਉਡਾਨ` ਵਰਗੀਆਂ ਯੋਜਨਾਵਾਂ ਰਾਹੀਂ ਉਨ੍ਹਾਂ ਨੇ ਇਹ ਸਾਬਤ ਕੀਤਾ ਹੈ ਕਿ ਕੇਂਦਰ ਸਰਕਾਰ ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਪੂਰਾ ਮਾਣ ਰੱਖਦੀ ਹੈ । ਇਸ ਤੋਂ ਪਹਿਲਾਂ ਆਦਮਪੁਰ ਤੋਂ ਨਾਂਦੇੜ ਸਾਹਿਬ ਦੀਆਂ ਉਡਾਣਾਂ ਸ਼ੁਰੂ ਵੀ ਕੀਤੀਆਂ ਗਈਆਂ ਸਨ ਅਤੇ ਹੁਣ ਆਦਮਪੁਰ ਤੋਂ ਮੁੰਬਈ ਦੀ ਸਿੱਧੀ ਉਡਾਣ ਸਿੱਖ ਸ਼ਰਧਾਲੂਆਂ ਲਈ ਇੱਕ ਹੋਰ ਵੱਡੀ ਖ਼ੁਸ਼ਖ਼ਬਰੀ ਹੈ ।
ਸੰਸਦ ਮੈਂਬਰ ਸੰਧੂ ਨੇ ਕਿਹਾ ਕਿ ਇਸ ਉਡਾਣ ਦਾ ਉਦੇਸ਼ ਦੇਸ਼ ਦੇ ਛੋਟੇ ਸ਼ਹਿਰਾਂ ਨੂੰ ਹਵਾਈ ਸੰਪਰਕ ਨਾਲ ਜੋੜਨਾ ਵੀ ਹੈ । ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਲਈ ਬਹੁਤ ਚੰਗਾ ਕਦਮ ਹੈ, ਕਿਉਂਕਿ ਇਸ ਨਾਲ ਪੰਜਾਬ ਦੇ ਹਵਾਈ ਸੰਪਰਕ ਵਿੱਚ ਵੱਡਾ ਸੁਧਾਰ ਹੋਵੇਗਾ । ਸੰਧੂ ਨੇ ਕਿਹਾ ਕਿ `ਉਡਾਨ` ਪ੍ਰੋਜੈਕਟ ਤਹਿਤ ਪੰਜਾਬ ਵਿੱਚ ਚਾਰ ਹਵਾਈ ਅੱਡੇ-ਆਦਮਪੁਰ, ਬਠਿੰਡਾ, ਲੁਧਿਆਣਾ ਅਤੇ ਪਠਾਨਕੋਟ ਵੀ ਕਾਰਜਸ਼ੀਲ ਹੋ ਚੁੱਕੇ ਹਨ ।
ਨਵੀਂ ਉਡਾਣ ਨਾਲ ਪੰਜਾਬ ਦੇ ਕਾਰੋਬਾਰੀਆਂ ਅਤੇ ਆਮ ਯਾਤਰੀਆਂ ਨੂੰ ਹੋਵੇਗਾ ਫਾਇਦਾ
ਸੰਧੂ ਨੇ ਕਿਹਾ ਕਿ ਇਸ ਨਵੀਂ ਉਡਾਣ ਨਾਲ ਪੰਜਾਬ ਦੇ ਕਾਰੋਬਾਰੀਆਂ ਅਤੇ ਆਮ ਯਾਤਰੀਆਂ ਨੂੰ ਵੀ ਬਹੁਤ ਫਾਇਦਾ ਹੋਵੇਗਾ, ਕਿਉਂਕਿ ਮੁੰਬਈ ਦੇਸ਼ ਦੀ ਆਰਥਿਕ ਰਾਜਧਾਨੀ ਹੈ ਅਤੇ ਵਪਾਰਕ ਗਤੀਵਿਧੀਆਂ ਦਾ ਇੱਕ ਪ੍ਰਮੁੱਖ ਕੇਂਦਰ ਹੈ । “ਆਦਮਪੁਰ ਤੋਂ ਮੁੰਬਈ ਵਿਚਕਾਰ ਇਹ ਸਿੱਧਾ ਸੰਪਰਕ ਪੰਜਾਬ ਦੇ ਖੇਤੀਬਾੜੀ ਅਤੇ ਉਦਯੋਗਿਕ ਖੇਤਰਾਂ ਨੂੰ ਮੁੰਬਈ ਦੇ ਪ੍ਰਮੁੱਖ ਬੰਦਰਗਾਹਾਂ ਨਾਲ ਜੋੜਨ ਵਿੱਚ ਮਦਦ ਕਰੇਗਾ। ਇਸ ਨਾਲ ਦੋਵਾਂ ਖੇਤਰਾਂ ਵਿੱਚ ਵਪਾਰਕ ਗਤੀਵਿਧੀਆਂ ਅਤੇ ਸੈਰ-ਸਪਾਟੇ ਨੂੰ ਵੀ ਫਾਇਦਾ ਮਿਲੇਗਾ ।
Read More : ਇੰਡੀਗੋ ਏਅਰਲਾਈਨਜ਼ ‘ਤੇ ਭੜਕੇ ਕਪਿਲ ਸ਼ਰਮਾ, ਪੋਸਟ ਪਾ ਜਤਾਇਆ ਰੋਸ