ਅਦੀਸ ਅਬਾਬਾ, 25 ਨਵੰਬਰ 2025 : ਇਥੋਪੀਆ ਦਾ ਹੇਲੀ ਗੁੱਬੀ ਜਵਾਲਾਮੁਖੀ (Ethiopia’s Haile Gubbi volcano) 12 ਹਜ਼ਾਰ ਸਾਲ ਬਾਅਦ ਅਚਾਨਕ ਫਟ ਗਿਆ । ਜਿਸਦੇ ਫਟਣ ਨਾਲ ਪੈਦਾ ਹੋਈ ਰਾਖ ਅਤੇ ਸਲਫਰ ਡਾਈਆਕਸਾਈਡ (Sulfur dioxide) ਲਗਭਗ 15 ਕਿਲੋਮੀਟਰ ਦੀ ਉਚਾਈ ਤੱਕ ਪਹੁੰਚ ਗਈ । ਇਹ ਲਾਲ ਸਾਗਰ ਦੇ ਨਾਲ-ਨਾਲ ਯਮਨ ਅਤੇ ਓਮਾਨ ਤੱਕ ਫੈਲ ਗਈ । ਸੋਮਵਾਰ ਰਾਤ ਲਗਭਗ 11 ਵਜੇ ਇਸ ਰਾਖ ਦਾ ਅਸਰ ਇਥੋਪੀਆ ਤੋਂ 4300 ਕਿਲੋਮੀਟਰ ਦੂਰ ਦਿੱਲੀ ਦੇ ਅਸਮਾਨ ’ਚ ਵੀ ਦੇਖਿਆ ਗਿਆ ।
ਇਹ ਰਾਖ ਦਾ ਬੱਦਲ ਜੋਧਪੁਰ-ਜੈਸਲਮੇਰ ਤੋਂ ਭਾਰਤ ਵਿੱਚ ਦਾਖਲ ਹੋਇਆ ਸੀ : ਆਈ. ਐਮ. ਐਸ. ਡਬਲਿਊ.
ਇੰਡੀਆ ਮੈਟ ਸਕਾਈ ਵੈਦਰ ਅਲਰਟ (India Met Sky Weather Alert) ਨੇ ਰਿਪੋਰਟ ਦਿੱਤੀ ਕਿ ਇਹ ਰਾਖ ਦਾ ਬੱਦਲ ਜੋਧਪੁਰ-ਜੈਸਲਮੇਰ ਤੋਂ ਭਾਰਤ ਵਿੱਚ ਦਾਖਲ ਹੋਇਆ ਸੀ ਅਤੇ ਹੁਣ ਉੱਤਰ-ਪੂਰਬ ਵੱਲ ਵਧ ਰਿਹਾ ਹੈ । ਇਹ ਬੱਦਲ ਰਾਜਸਥਾਨ, ਹਰਿਆਣਾ ਅਤੇ ਦਿੱਲੀ ਵਿੱਚ ਫੈਲ ਗਿਆ ਹੈ । ਇਸ ਦਾ ਇੱਕ ਹਿੱਸਾ ਗੁਜਰਾਤ ਨੂੰ ਵੀ ਛੂਹ ਸਕਦਾ ਹੈ । ਇਸਦਾ ਪ੍ਰਭਾਵ ਰਾਤ ਦੇ ਸਮੇਂ ਪੰਜਾਬ, ਪੱਛਮੀ ਉੱਤਰ ਪ੍ਰਦੇਸ਼ ਦੇ ਪਹਾੜੀ ਖੇਤਰਾਂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਹਿਸੂਸ ਕੀਤੇ ਜਾਣ ਦੀ ਉਮੀਦ ਹੈ । ਇਸ ਦੇ ਮੱਦੇਨਜ਼ਰ, ਕਈ ਏਅਰਲਾਈਨਾਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ । ਜਦਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਪਲਮ ਦੀ ਉਚਾਈ ਇੰਨੀ ਜ਼ਿਆਦਾ ਹੈ ਕਿ ਇਸ ਦਾ ਨਾਗਰਿਕ ਜੀਵਨ `ਤੇ ਪ੍ਰਭਾਵ ਘੱਟ ਹੋਵੇਗਾ ।









