ਪਟਿਆਲਾ, 20 ਦਸੰਬਰ 2025 : ਪਟਿਆਲਾ ਸ਼ਹਿਰ ਵਿੱਚ ਕਈ ਸੜਕਾਂ ਉਪਰ ਵੱਧ ਰਹੇ ਟ੍ਰੈਫਿਕ ਜਾਮ (Traffic jam) ਦੇ ਮੱਦੇਨਜ਼ਰ ਅਲੱਗ-ਅਲੱਗ ਟ੍ਰੈਫਿਕ ਯੂਨਿਟਾਂ ਵੱਲੋ ਕੀਤੇ ਜਮੀਨੀ ਸਰਵੇਖਣ ਦੇ ਆਧਾਰ `ਤੇ ਸੁਝਾਏ ਨੁਕਤਿਆਂ ਅਨੁਸਾਰ ਦੋ ਮੇਨ ਸੜਕਾਂ ਉਤੇ ਆਰਜ਼ੀ ਤੌਰ `ਤੇ ਸ਼ੜਕਾਂ ਦੀ ਕਰਾਸਿੰਗ ਨੂੰ 22 ਦਸੰਬਰ 2025 ਤੋਂ ਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਟ੍ਰੈਫਿਕ ਠੀਕ ਤਰੀਕੇ ਨਾਲ ਚੱਲ ਸਕੇ ਅਤੇ ਜਾਮ ਦੀ ਸਮੱਸਿਆ (Traffic jam problem) ਹੱਲ ਹੋ ਸਕੇ । ਇਹ ਜਾਣਕਾਰੀ ਦਿੰਦਿਆਂ ਐਸ. ਪੀ. (ਟ੍ਰੈਫਿਕ) ਐਚ. ਐਸ. ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਪਟਿਆਲਾ ਸ਼ਹਿਰ ਅੰਦਰ ਟ੍ਰੈਫਿਕ ਰੁਕਾਵਟਾਂ ਤੇ ਜਾਮ ਦੀ ਸਮੱਸਿਆ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ ।
ਟੈ੍ਫਿਕ ਪੁਲਸ ਅਧਿਕਾਰੀ ਨੇ ਦਿੱਤੀ ਸਮੁੱਚੀ ਜਾਣਕਾਰੀ
ਟ੍ਰੈਫਿਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਖੰਡਾ ਚੌਂਕ ਤੋਂ ਦੁਖਨਿਵਾਰਨ ਸਾਹਿਬ ਜੇਲ ਰੋਡ ਵਾਲੀਆਂ ਲਾਈਟਾਂ ਤੱਕ ਸੜਕ ਨੂੰ ਪੂਰਨ ਤਰੀਕੇ ਨਾਲ ਬੈਰੀਗੇਟਿੰਗ ਨਾਲ ਡਿਵਾਈਡਰ ਬਣਾ ਕੇ ਪਾਸੀ ਰੋਡ ਤੋਂ ਮੇਨ ਰੋਡ ਉਪਰ ਚੜ੍ਹਨ ਵਾਲਾ ਕੱਟ ਬੰਦ ਕੀਤਾ ਜਾ ਰਿਹਾ ਹੈ । ਸਰਹਿੰਦ ਰੋਡ ਤੋਂ ਆ ਕੇ ਪਾਸੀ ਰੋਡ ਨੂੰ ਮੁੜਨ ਵਾਲੇ ਵਹੀਕਲ ਖੰਡਾ ਚੌਂਕ ਤੋਂ ਯੂ-ਟਰਨ ਲੈ ਕੇ ਆ ਸਕਦੇ ਹਨ ਜਾਂ ਫਿਰ ਜੇਲ੍ਹ ਰੋਡ ਦੁਖਨਿਵਾਰਨ ਸਾਹਿਬ ਵਾਲੀਆਂ ਲਾਈਟਾਂ ਤੋਂ ਸੱਜੇ ਮੁੜ ਕੇ ਐਨਵਾਇਰਮੈਂਟ ਪਾਰਕ ਵਾਲੀ ਸੜ੍ਹਕ ਤੋਂ ਜਾ ਸਕਦੇ ਹਨ ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਪਾਸੀ ਰੋਡ ਤੋਂ ਨਿਕਲ ਕੇ ਖੰਡਾ ਚੌਂਕ ਨੂੰ ਜਾਣ ਵਾਲੇ ਵਹੀਕਲ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਵਾਲੀਆਂ ਲਾਈਟਾਂ ਤੋਂ ਯੂ ਟਰਨ ਲੈ ਕੇ ਜਾ ਸਕਦੇ ਹਨ ਜਾਂ ਪਿਛੋਂ ਹੀ ਐਨਵਾਇਰਮੈਂਟ ਪਾਰਕ ਵਿਚਲੀ ਸੜ੍ਹਕ ਤੋਂ ਜੇਲ੍ਹ ਰੋਡ ਉਪਰ ਚੜ੍ਹ ਕੇ ਦੁਖਨਿਵਾਰਨ ਸਾਹਿਬ ਵਾਲੀਆਂ ਲਾਈਟਾਂ ਤੋਂ ਸੱਜੇ ਲੈ ਸਕਦੇ ਹਨ ।
ਟੈ੍ਫਿਕ ਰੂਟ ਬਦਲਣ ਨਾਲ ਘਟੇਗਾ ਫੁਹਾਰਾ ਚੌਂਕ ਵਿਚ ਲੱਗਣ ਵਾਲਾ ਜਾਮ
ਡੀ. ਐਸ. ਪੀ. (ਟ੍ਰੈਫਿਕ) ਪੁਨੀਤ ਸਿੰਘ ਚਹਿਲ (D. S. P. (Traffic) Puneet Singh Chahal) ਨੇ ਅੱਗੇ ਦੱਸਿਆ ਕਿ ਫੁਹਾਰਾ ਚੌਂਕ ਤੋਂ ਠੀਕਰੀ ਵਾਲਾ ਚੌਂਕ ਤੱਕ ਬਣੇ ਡਿਵਾਈਡਰ ਨੂੰ ਫੁਹਾਰਾ ਚੌਂਕ ਤੱਕ ਵਧਾ ਕੇ ਦੋਨੋ ਚੌਂਕਾਂ ਨੂੰ ਮਿਲਾ ਕੇ ਇਕ ਵੱਡੇ ਸਰਕੁਲਰ ਰੋਡ ਵਿੱਚ ਬਦਲਿਆ ਜਾ ਰਿਹਾ ਹੈ ਇਸ ਨਾਲ ਲੋਅਰ ਮਾਲ ਰੋਡ ਤੋਂ ਆਉਣਾ ਵਾਲੇ ਵਹੀਕਲ ਜੋ ਮੁੱਖ ਡਾਕ ਘਰ ਵੱਲ ਨੂੰ ਜਾਂ ਪੁਰਾਣੇ ਬੱਸ ਸਟੈਂਡ ਵੱਲ ਨੂੰ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਫੁਹਾਰਾ ਚੌਂਕ ਤੋਂ ਖੱਬੇ ਮੁੜ ਕੇ ਠੀਕਰੀ ਵਾਲਾ ਚੌਂਕ ਤੋਂ ਯੂ ਟਰਨ ਲੈ ਕਰ ਆਉਣਾ ਪਵੇਗਾ ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਇਹ ਵਹੀਕਲ ਲੋਅਰ ਮਾਲ ਰੋਡ ਤੋਂ ਅੱਪਰ ਮਾਲ ਰੋਡ ਨੂੰ ਕੁਨੈਕਟ ਕਰਨ ਵਾਲੀਆਂ ਅੰਦਰੂਨੀ ਸੜਕਾ ਰਾਹੀਂ ਵੀ ਸਿੱਧਾ ਠੀਕਰੀਵਾਲਾ ਚੌਂਕ ਤੋਂ ਟਰਨ ਲੈ ਸਕਣਗੇ ਅਜਿਹਾ ਕਰਨ ਨਾਲ ਆਸ ਕੀਤੀ ਹੈ ਕਿ ਫੁਹਾਰਾ ਚੌਂਕ ਵਿੱਚ ਲੱਗਣ ਵਾਲਾ ਜਾਮ ਖਤਮ ਹੋ ਜਾਵੇਗਾ ਅਤੇ ਲੋਅਰ ਮਾਲ ਰੋਡ ਉਪਰ ਵੀ ਟ੍ਰੈਫਿਕ ਦਾ ਦਬਾਅ ਘਟੇਗਾ ।
ਐਸ. ਪੀ. ਟੈ੍ਰਫਿਕ ਤੇ ਡੀ. ਐਸ. ਪੀ. ਟੈ੍ਰਫਿਕ ਨੇ ਕੀਤੀ ਸ਼ਹਿਰ ਵਾਸੀਆਂ ਨੂੰ ਅਪੀਲ
ਐਸ. ਪੀ. (ਟ੍ਰੈਫਿਕ) ਐਚ. ਐਸ. ਮਾਨ (S. P. (Traffic) H. S. Mann) ਤੇ ਡੀ. ਐਸ. ਪੀ. (ਟੈ੍ਰਫਿਕ) ਪੁਨੀਤ ਸਿੰਘ ਚਹਿਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਹ ਦੋਨੋ ਸੜਕਾਂ ਉਪਰ ਆਰਜੀ ਤੌਰ `ਤੇ ਕੀਤੇ ਜਾ ਰਹੇ ਪ੍ਰਬੰਧਾਂ ਦੇ ਮੱਦੇਨਜਰ ਟ੍ਰੈਫਿਕ ਪੁਲਿਸ ਨਾਲ ਸਹਿਯੋਗ ਕੀਤਾ ਜਾਵੇ ਤਾਂ ਜੋ ਟ੍ਰੈਫਿਕ ਦੇ ਲੱਗ ਰਹੇ ਜਾਮ ਨੂੰ ਘਟਾਇਆ ਜਾ ਸਕੇ ਅਤੇ ਸਹਿਰ ਵਾਸੀਆਂ ਨੂੰ ਸੁਚਾਰੂ ਟ੍ਰੈਫਿਕ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਸਕੇ ।
Read More : ਟ੍ਰੈਫਿਕ ਉਲੰਘਣਾ ਦੇ 31 ਚਲਾਨ, 7 ਲੱਖ 29 ਹਜ਼ਾਰ ਜੁਰਮਾਨੇ : ਆਰ. ਟੀ. ਓ.









