ਪਟਿਆਲਾ, 20 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Punjab Chief Minister Bhagwant Singh Mann) ਨੇ ਅੱਜ ਕਿਹਾ ਕਿ ਹਵਾਬਾਜ਼ੀ ਖੇਤਰ ਵਿੱਚ ਪੰਜਾਬ ਧੁਰੇ ਵਜੋਂ ਉਭਰੇਗਾ ਕਿਉਂਕਿ ਸੂਬਾ ਸਰਕਾਰ ਹਵਾਬਾਜ਼ੀ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਨੌਜਵਾਨਾਂ ਨੂੰ ਕਿਫਾਇਤੀ ਅਤੇ ਵਿਸ਼ਵ ਪੱਧਰੀ ਸਿਖਲਾਈ ਦੇ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਵਿੱਚ ਵੱਡੇ ਉਪਰਾਲੇ ਕਰ ਰਹੀ ਹੈ ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਦੇ ਹਵਾਬਾਜ਼ੀ ਉਦਯੋਗ ਦਾ ਕੇਂਦਰ ਬਣਨ ਦੀ ਪੇਸ਼ੀਨਗੋਈ
ਅੱਜ ਇੱਥੇ ਟਰੇਨੀ ਪਾਇਲਟਾਂ ਅਤੇ ਏਅਰਕ੍ਰਾਫਟ ਇੰਜੀਨੀਅਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਵੱਕਾਰੀ ਸੰਸਥਾ ਤੋਂ ਸਿਖਲਾਈ ਲੈ ਰਹੇ ਸਾਰੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਣ ਲਈ ਪਹੁੰਚੇ ਹਨ । ਉਨ੍ਹਾਂ ਕਿਹਾ ਕਿ ਪਟਿਆਲਾ ਫਲਾਇੰਗ ਕਲੱਬ ਵਿਖੇ 32 ਸਿਖਿਆਰਥੀ ਪਾਇਲਟਾਂ ਅਤੇ ਪਟਿਆਲਾ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਦੇ 72 ਵਿਦਿਆਰਥੀਆਂ ਨਾਲ ਵਿਚਾਰ-ਚਰਚਾ ਸੈਸ਼ਨ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ।
ਉਨ੍ਹਾਂ ਕਿਹਾ ਕਿ 32 ਸਿਖਿਆਰਥੀ ਪਾਇਲਟਾਂ (ਟਰੇਨੀ ਪਾਇਲਟਾਂ) ਵਿੱਚੋਂ ਜ਼ਿਆਦਾਤਰ ਆਪਣੇ ਪਰਿਵਾਰਾਂ ਦੀ ਪਹਿਲੀ ਪੀੜ੍ਹੀ ਹਨ ਜੋ ਹਵਾਬਾਜ਼ੀ ਖੇਤਰ ਵਿੱਚ ਪ੍ਰਵੇਸ਼ ਹੋ ਰਹੇ ਹਨ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਾਈਵੇਟ ਸੰਸਥਾਵਾਂ ਵਿੱਚ ਕਮਰਸ਼ੀਅਲ ਪਾਇਲਟ ਬਣਨ ਲਈ 40-45 ਲੱਖ ਰੁਪਏ ਖਰਚ ਆਉਂਦੇ ਹਨ, ਜਦੋਂ ਕਿ ਪਟਿਆਲਾ ਫਲਾਇੰਗ ਕਲੱਬ ਵਿੱਚ ਲਗਭਗ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ, ਜਿਸ ਨਾਲ 22-25 ਲੱਖ ਫੀਸ ਰਹਿ ਜਾਂਦੀ ਹੈ ।
ਪੰਜਾਬ ਸਰਕਾਰ ਹਵਾਬਾਜ਼ੀ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ਨੌਜਵਾਨਾਂ ਨੂੰ ਗੁਣਵੱਤਾ ਵਾਲੀ, ਕਿਫ਼ਾਇਤੀ ਅਤੇ ਵਿਸ਼ਵ ਪੱਧਰੀ ਸਿਖਲਾਈ ਪ੍ਰਦਾਨ ਕਰ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਫੀਸ ਵਿੱਚ ਲਗਭਗ 20 ਲੱਖ ਰੁਪਏ ਦੀ ਕਟੌਤੀ ਨਾਲ ਦੁਕਾਨਦਾਰ, ਅਧਿਆਪਕ, ਕਿਸਾਨ, ਕਲਰਕ ਅਤੇ ਸਧਾਰਨ ਘਰਾਂ ਦੇ ਹੋਰ ਨੌਜਵਾਨ ਹੁਣ ਪਾਇਲਟ ਬਣਨ ਦਾ ਸੁਪਨਾ ਦੇਖ ਸਕਦੇ ਹਨ । ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਏਵੀਏਸ਼ਨ ਕੰਪਲੈਕਸ (Aviation Complex) ਵਿਖੇ 7 ਕਰੋੜ ਰੁਪਏ ਦੀ ਲਾਗਤ ਨਾਲ `ਏਵੀਏਸ਼ਨ ਮਿਊਜ਼ੀਅਮ` ਸਥਾਪਤ ਕੀਤਾ ਜਾ ਰਿਹਾ ਹੈ ਅਤੇ ਇਹ ਅਜਾਇਬ ਘਰ ਮਿਗ ਜਹਾਜ਼, ਸੈਕੰਡ ਜਨਰੇਸ਼ਨ ਹੈਲੀਕਾਪਟਰ, ਸਿਮੂਲੇਟਰਾਂ ਅਤੇ ਏਵੀਏਸ਼ਨ ਵਿਰਾਸਤ ਨੂੰ ਪ੍ਰਦਰਸ਼ਿਤ ਕਰੇਗਾ, ਜੋ ਵਿਦਿਆਰਥੀਆਂ ਅਤੇ ਜਨਤਾ ਨੂੰ ਅਹਿਮ ਜਾਣਕਾਰੀ ਪ੍ਰਦਾਨ ਕਰੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਉਦੇਸ਼ ਸਕੂਲੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਹਵਾਬਾਜ਼ੀ ਖੇਤਰ ਲਈ ਪ੍ਰੇਰਿਤ ਕਰਨਾ ਹੈ । ਮੁੱਖ ਮੰਤਰੀ ਨੇ ਇਸ ਮੌਕੇ ਸਿਵਲ ਏਵੀਏਸ਼ਨ ਵਿਭਾਗ ਦੀ ਨਵੀਂ ਵੈੱਬਸਾਈਟ dca.punjab.gov.in ਵੀ ਲਾਂਚ ਕੀਤੀ ।
ਪਾਇਲਟ ਸਿਖਲਾਈ ਨੂੰ ਕਿਫ਼ਾਇਤੀ ਬਣਾ ਕੇ ਪੰਜਾਬ ਨੇ ਹਵਾਬਾਜ਼ੀ ਕਰੀਅਰ `ਤੇ ਅਮੀਰਾਂ ਦਾ ਏਕਾਧਿਕਾਰ ਤੋੜਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਸਟੇਟ ਏਵੀਏਸ਼ਨ ਕੌਂਸਲ, ਪੰਜਾਬ ਦਾ ਉਦੇਸ਼ ਹਰ ਬੱਚੇ ਨੂੰ ਅਸਮਾਨ ਵਿੱਚ ਉਡਾਣ ਭਰਨ ਦਾ ਸੁਪਨਾ ਪੂਰਾ ਕਰਨ ਦਾ ਮੌਕਾ ਦੇਣਾ ਹੈ । ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ, ਪਾਇਲਟ ਬਣਨ ਦੀ ਸਿਖਲਾਈ ਸਿਰਫ ਬਹੁਤ ਅਮੀਰ ਲੋਕਾਂ ਲਈ ਹੀ ਸੰਭਵ ਸੀ, ਪਰ ਸਰਕਾਰ ਦੇ ਸਹਿਯੋਗ ਅਤੇ ਸਬਸਿਡੀ ਨਾਲ ਪੰਜਾਬ ਨੇ ਪਟਿਆਲਾ ਫਲਾਇੰਗ ਕਲੱਬ ਰਾਹੀਂ ਅਜਿਹੀਆਂ ਰੋਕਾਂ ਨੂੰ ਖਤਮ ਕਰ ਦਿੱਤਾ ਹੈ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਫਲਾਇੰਗ ਕਲੱਬ ਸਾਲ 1965 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ 253 ਏਕੜ ਵਿੱਚ ਫੈਲਿਆ ਹੋਇਆ ਹੈ, ਜਿਸ ਨਾਲ ਇਹ ਭਾਰਤ ਦੇ ਸਭ ਤੋਂ ਵੱਡੇ ਹਵਾਬਾਜ਼ੀ ਸਿਖਲਾਈ ਕੈਂਪਸਾਂ ਵਿੱਚੋਂ ਇੱਕ ਬਣ ਗਿਆ ਹੈ ।
ਕਿਸਾਨਾਂ, ਦੁਕਾਨਦਾਰਾਂ ਅਤੇ ਅਧਿਆਪਕਾਂ ਦੇ ਬੱਚੇ ਹੁਣ ਪਟਿਆਲਾ ਫਲਾਇੰਗ ਕਲੱਬ ਰਾਹੀਂ ਉੱਚੀ ਉਡਾਣ ਭਰਨ ਦਾ ਸੁਪਨਾ ਦੇਖ ਸਕਦੇ ਹਨ : ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਫਲਾਇੰਗ ਕਲੱਬ ਦੇਸ਼ ਭਰ ਵਿੱਚ ਸੱਤਵੇਂ ਸਥਾਨ `ਤੇ ਹੈ ਅਤੇ ਕਲੱਬ ਇਸ ਸਮੇਂ ਸੱਤ ਸਿਖਲਾਈ ਜਹਾਜ਼ ਚਲਾਉਂਦਾ ਹੈ, ਜਿਸ ਵਿੱਚ ਪੰਜ ਸਿੰਗਲ-ਇੰਜਣ ਜਹਾਜ਼, ਦੋ ਮਲਟੀ-ਇੰਜਣ ਜਹਾਜ਼ ਅਤੇ ਇੱਕ ਟੈਕਨਾਮ ਪੀ. 2006 ਟੀ (ਨਵਾਂ ਸ਼ਾਮਲ ਕੀਤਾ ਜਹਾਜ਼ ਜੋ ਇਟਲੀ ਤੋਂ 5 ਕਰੋੜ ਰੁਪਏ ਵਿੱਚ ਖਰੀਦਿਆ ਗਿਆ) ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਸਹੂਲਤਾਂ ਵਿੱਚ ਪਟਿਆਲਾ ਏਅਰਫੀਲਡ `ਤੇ ਰਾਤ ਨੂੰ ਲੈਂਡਿੰਗ ਸਮਰੱਥਾ ਅਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਸਿਖਲਾਈ ਦਾ ਤਜਰਬਾ ਸ਼ਾਮਲ ਹੈ ।
ਉਨ੍ਹਾਂ ਕਿਹਾ ਕਿ ਹਵਾਬਾਜ਼ੀ ਸੈਕਟਰ (Aviation sector) ਵਿੱਚ ਕਰੀਅਰ ਸਿਰਫ ਪਾਇਲਟ ਬਣਨ ਤੱਕ ਸੀਮਿਤ ਨਹੀਂ ਹੈ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਹਵਾਬਾਜ਼ੀ ਸੈਕਟਰ ਵਿੱਚ ਕੰਮ ਕਰਨਾ ਚਾਹੁੰਦੇ ਹਨ ਪਰ ਜ਼ਰੂਰੀ ਨਹੀਂ ਕਿ ਪਾਇਲਟ ਵਜੋਂ ਕੰਮ ਕਰਨ ਦੀ ਇੱਛਾ ਰੱਖਦੇ ਹੋਣ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਪਟਿਆਲਾ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ (ਏ. ਐਮ. ਈ.) ਕਾਲਜ ਵਿੱਚ ਕਿਫਾਇਤੀ ਤਕਨੀਕੀ ਸਿੱਖਿਆ ਪ੍ਰਦਾਨ ਕਰਦੀ ਹੈ, ਜੋ ਕਿ ਭਾਰਤ ਦੇ ਸਭ ਤੋਂ ਕਿਫਾਇਤੀ ਏ.ਐਮ.ਈ. ਤੇ ਬੀਐਸਸੀ (ਆਨਰਜ਼) ਪ੍ਰੋਗਰਾਮ ਚਲਾਉਂਦੀ ਹੈ ।
ਪੰਜਾਬ ਸਰਕਾਰ ਹਵਾਬਾਜ਼ੀ ਈਕੋ-ਸਿਸਟਮ ਬਣਾ ਰਹੀ ਹੈ, ਜੋ ਨੌਕਰੀ ਲੱਭਣ ਵਾਲੇ ਨਹੀਂ, ਨੌਕਰੀ ਦੇਣ ਵਾਲੇ ਨੌਜਵਾਨ ਪੈਦਾ ਕਰ ਰਿਹਾ ਹੈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਨੇ ਕਿਹਾ ਕਿ 3 ਸਾਲਾ ਬੀ. ਐਸ. ਸੀ. (ਆਨਰਜ਼) + 3 ਸਾਲਾ ਡੀ. ਜੀ. ਸੀ. ਏ. ਦੁਆਰਾ ਪ੍ਰਵਾਨਿਤ ਏ. ਐਮ. ਈ. ਪ੍ਰੋਗਰਾਮ ਦੀ ਕੁੱਲ ਫੀਸ ਸਿਰਫ 3 ਲੱਖ ਰੁਪਏ ਹੈ ਜਦੋਂ ਕਿ ਦੂਜੇ ਸੂਬਿਆਂ ਵਿੱਚ ਇਸੇ ਕੋਰਸ ਦੀ ਫੀਸ 5-8 ਲੱਖ ਰੁਪਏ ਹੈ । ਉਨ੍ਹਾਂ ਕਿਹਾ ਕਿ 33 % ਸੀਟਾਂ ਐਸ. ਸੀ. ਤੇ ਬੀ. ਸੀ. ਵਿਦਿਆਰਥੀਆਂ ਲਈ ਰਾਖਵੀਆਂ ਹਨ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਇਸ ਖੇਤਰ ਵਿੱਚ ਆਮ ਘਰਾਂ ਦੇ ਬੱਚਿਆਂ ਨੂੰ ਵੀ ਮੌਕੇ ਹਾਸਲ ਹੋਣ।ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਤੱਸਲੀ ਵਾਲੀ ਗੱਲ ਹੈ ਕਿ ਪਟਿਆਲਾ ਫਲਾਇੰਗ ਕਲੱਬ ਅਤੇ ਕਾਲਜ ਦੇ 4,000 ਤੋਂ ਵੱਧ ਸਿਖਲਾਈ ਪ੍ਰਾਪਤ ਪੇਸ਼ੇਵਰ ਵੱਡੀਆਂ ਕੰਪਨੀਆਂ ਵਿੱਚ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਪ੍ਰਤੀ ਮਹੀਨਾ ਔਸਤਨ 1.5 ਲੱਖ ਰੁਪਏ ਦੀ ਸ਼ੁਰੂਆਤੀ ਤਨਖਾਹ ਮਿਲਦੀ ਹੈ ।
ਨੌਜਵਾਨ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ
ਮੁੱਖ ਮੰਤਰੀ ਨੇ ਕਿਹਾ ਕਿ ਇੰਡੀਗੋ, ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ, ਅਤੇ ਸਪਾਈਸਜੈੱਟ ਵਰਗੀਆਂ ਪ੍ਰਮੁੱਖ ਭਾਰਤੀ ਏਅਰਲਾਈਨਾਂ, ਟੈਕਨਾਮ, ਬੋਇੰਗ ਅਤੇ ਵੀ. ਐਸ. ਆਰ. ਐਵੀਏਸ਼ਨ ਵਰਗੀਆਂ ਜਨਰਲ ਏਵੀਏਸ਼ਨ ਫਰਮਾਂ, ਚਾਰਟਰ ਕੰਪਨੀਆਂ ਅਤੇ ਐਮ. ਆਰ. ਓ. ਸੰਸਥਾਵਾਂ ਅਤੇ ਹੋਰ ਫਲਾਇੰਗ ਕਲੱਬ, ਜਿੱਥੇ ਉਹ ਫਲਾਈਟ ਇੰਸਟ੍ਰਕਟਰ ਵਜੋਂ ਕੰਮ ਕਰਦੇ ਹਨ, ਇਸ ਵੱਕਾਰੀ ਸੰਸਥਾ ਦੇ ਵਿਦਿਆਰਥੀਆਂ ਨੂੰ ਰੋਜ਼ਗਾਰ ਮੁੱਹਈਆ ਕਰਵਾਉਂਦੇ ਹਨ । ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਧਿਆਨ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨਾਂ ਦੀ ਸਰਗਰਮ ਸ਼ਮੂਲੀਅਤ ਦੁਆਰਾ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਬਣਾਉਣਾ ਸਮੇਂ ਦੀ ਲੋੜ ਹੈ ।
ਨੌਜਵਾਨ ਜ਼ਮੀਨ ਨਾਲ ਜੁੜੇ ਰਹਿਣ ਤੇ ਸਖ਼ਤ ਮਿਹਨਤ ਵਿਚ ਰੱਖਣ ਵਿਸ਼ਵਾਸ
ਵਿਦਿਆਰਥੀਆਂ ਨੂੰ ਰੌਸ਼ਨ ਤੇ ਖੁਸ਼ਹਾਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਆਪਣੇ ਜੀਵਨ ਵਿੱਚ ਨਵੀਂਆਂ ਬੁਲੰਦੀਆਂ ਛੂਹਣਗੇ । ਉਨ੍ਹਾਂ ਨੇ ਨੌਜਵਾਨਾਂ ਨੂੰ ਜ਼ਮੀਨ `ਤੇ ਜੁੜੇ ਰਹਿਣ ਅਤੇ ਸਖ਼ਤ ਮਿਹਨਤ ਵਿੱਚ ਵਿਸ਼ਵਾਸ ਰੱਖਣ ਲਈ ਕਿਹਾ ਕਿਉਂਕਿ ਇਹੀ ਸਫਲਤਾ ਦੀ ਇੱਕੋ ਇੱਕ ਕੁੰਜੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਧਰਤੀ `ਤੇ ਤਰੱਕੀ ਅਤੇ ਖੁਸ਼ਹਾਲੀ ਦੀਆਂ ਅਥਾਹ ਸੰਭਾਵਨਾਵਾਂ ਹਨ । ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਨੂੰ ਆਪਣੀ ਵਿਲੱਖਣ ਪਛਾਣ ਕਾਇਮ ਕਰਨ ਅਤੇ ਸਮਾਜ ਵਿੱਚ ਆਪਣੀ ਛਾਪ ਛੱਡਣ ਲਈ ਸਿਰਤੋੜ ਯਤਨ ਕਰਨ ਦੀ ਅਪੀਲ ਕੀਤੀ ।
ਇਸ ਮੌਕੇ ਕਿਹੜੀ ਕਿਹੜੀ ਸ਼ਖਸੀਅਤ ਸੀ ਮੌਜੂਦ
ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਆਪ ਦੇ ਸੂਬਾ ਜਨਰਲ ਸਕੱਤਰ ਬਲਤੇਜ ਪੰਨੂ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਚੇਤਨ ਸਿੰਘ ਜੌੜਾਮਾਜਰਾ, ਗੁਰਦੇਵ ਸਿੰਘ ਦੇਵ ਮਾਨ, ਪੀ. ਆਰ. ਟੀ. ਸੀ. ਚੇਅਰਮੈਨ ਰਣਜੋਧ ਸਿੰਘ ਹਡਾਣਾ, ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਸਿਵਲ ਏਵੀਏਸ਼ਨ ਵਿਭਾਗ ਦੇ ਸਕੱਤਰ ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ. ਐਸ. ਪੀ. ਵਰੁਣ ਸ਼ਰਮਾ, ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਅਤੇ ਪਟਿਆਲਾ ਫ਼ਲਾਇੰਗ ਕਲੱਬ ਦੇ ਟ੍ਰੇਨੀ ਪਾਇਲਟਾਂ ਸਮੇਤ ਏਅਰਕ੍ਰਾਫਟ ਮੈਂਟੀਨੈਂਸ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਤੇ ਇੰਸਟ੍ਰਕਟਰ ਵੀ ਮੌਜੂਦ ਸਨ ।
Read More : ਲਗਭਗ 150 ਲਾਇਸੈਂਸ ਨਵਿਆਏ ਹਨ ਗਏ : ਮੁੱਖ ਮੰਤਰੀ ਮਾਨ









