ਨਵੀਂ ਦਿੱਲੀ, 27 ਦਸੰਬਰ 2025 : ਭਾਰਤ ਦੇਸ਼ ਦੀ ਯੂ. ਪੀ. ਏ. ਸਰਕਾਰ (U. P. A. Government) ਵਲੋਂ ਬਣਾਏ ਗਏ ਪੇਂਡੂ ਰੋਜ਼ਗਾਰ ਕਾਨੂੰਨ (ਮਨਰੇਗਾ) ਨੂੰ ਰੱਦ ਕਰਨ ਦੇ ਵਿਰੋਧ ਵਿਚ ਕਾਂਗਰਸ ਪਾਰਟੀ ਵਲੋਂ ਨਵੇਂ ਸਾਲ 2026 ਵਿਚ ਮਨਰੇਗਾ ਬਚਾਓ ਮੁਹਿੰਮ (Save MNREGA campaign) ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ।
ਕਾਂਗਰਸ ਪਾਰਟੀ ਪ੍ਰਧਾਨ ਖੜਗੇ ਨੇ ਦਿੱਤੀ ਚਿਤਾਵਨੀ
ਕਾਂਗਰਸ ਪਾਰਟੀ ਦੇ ਪ੍ਰਧਾਨ (Congress Party President) ਮਲਿਕਾਰਜੁਨ ਖੜਗੇ ਨੇ ਚਿਤਾਵਨੀ ਦਿੰਦਿਆਂ ਸਪੱਸ਼ਟ ਆਖਿਆ ਹੈ ਕਿ ਲੋਕ ਨਾਰਾਜ਼ ਹਨ ਅਤੇ ਨਰਿੰਦਰ ਮੋਦੀ ਸਰਕਾਰ ਨੂੰ ਇਸ ਕਦਮ ਦੇ ਨਤੀਜੇ ਭੁਗਤਣੇ ਪੈਣਗੇ । ਉਨ੍ਹਾਂ ਕਿਹਾ ਕਿ 20 ਸਾਲ ਪੁਰਾਣੇ ਮਨਰੇਗਾ ਦੀ ਥਾਂ ਲੈਣ ਵਾਲਾ ਵੀ. ਬੀ.-ਜੀ ਰਾਮ ਜੀ ਬਿਲ ਸੰਸਦ ਦੇ ਹਾਲ ਹੀ ਵਿਚ ਸਮਾਪਤ ਹੋਏ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਵਿਚ ਵਿਰੋਧੀ ਧਿਰ ਦੇ ਜ਼ੋਰਦਾਰ ਵਿਰੋਧ ਦੇ ਵਿਚਕਾਰ ਪਾਸ ਕਰ ਦਿਤਾ ਗਿਆ ।
ਕੀ ਕੀਤਾ ਗਿਆ ਹੈ ਨਵੇਂ ਐਕਟ ਵਿਚ
ਮਨਰੇਗਾ ਨੂੰ ਰੱਦ ਕਰਕੇ ਜੋ ਨਵਾਂ ਬਿੱਲ ਲਿਆਂਦਾ ਜਾ ਰਿਹਾ ਹੈ ਵਿਚ ਪੇਂਡੂ ਮਜ਼ਦੂਰਾਂ ਲਈ 125 ਦਿਨਾਂ ਦੀ ਦਿਹਾੜੀ ਰੁਜ਼ਗਾਰ ਦੀ ਵਿਵਸਥਾ ਕੀਤੀ ਗਈ ਹੈ । ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਿਊ. ਸੀ.) ਦੀ ਮੀਟਿੰਗ ਤੋਂ ਬਾਅਦ ਸਨਿਚਰਵਾਰ ਨੂੰ ਇਕ ਪੱਤਰਕਾਰ ਸੰਮੇਲਨ ਦੌਰਾਨ ਮਲਿਕਾਅਰਜੁਨ ਖੜਗੇ (Mallikarjun Kharge) ਨੇ ਕਿਹਾ ਕਿ ਪਾਰਟੀ ਦੇਸ਼ ਭਰ ਵਿਚ ‘ਮਨਰੇਗਾ ਬਚਾਓ ਮੁਹਿੰਮ’ ਦੀ ਅਗਵਾਈ ਕਰੇਗੀ । ਉਨ੍ਹਾਂ ਕਿਹਾ ਕਿ ਮਨਰੇਗਾ ਸਿਰਫ ਇਕ ਯੋਜਨਾ ਨਹੀਂ ਹੈ, ਬਲਕਿ ਸੰਵਿਧਾਨ ਵਲੋਂ ਦਿਤੇ ਗਏ ‘ਕੰਮ ਕਰਨ ਦਾ ਅਧਿਕਾਰ’ ਹੈ ।
ਮਨਰੇਗਾ ਨੂੰ ਕੇਂਦਰ ਬਿੰਦੂ ਬਣਾ ਕੇ ਮੁਹਿੰਮ ਚਲਾਉਣ ਦੀ ਖਾਧੀ ਸਹੂੰ
ਉਨ੍ਹਾਂ ਕਿਹਾ ਕਿ ਸੀ. ਡਬਲਿਊ. ਸੀ. ਦੀ ਬੈਠਕ ’ਚ ਅਸੀਂ ਸਹੁੰ ਖਾਧੀ ਸੀ ਕਿ ਮਨਰੇਗਾ ਨੂੰ ਕੇਂਦਰ ਬਿੰਦੂ ਬਣਾ ਕੇ ਮੁਹਿੰਮ ਚਲਾਈ ਜਾਵੇਗੀ । ਜਿਸ ਦੇ ਲਈ ਹੀ ਕਾਂਗਰਸ ਵਲੋਂ ਹੁਣ ਇਸ ਦੀ ਅਗਵਾਈ ਕਰਦਿਆਂ 5 ਜਨਵਰੀ ਤੋਂ ‘ਮਨਰੇਗਾ ਬਚਾਓ ਮੁਹਿੰਮ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਵਿਜੀਲੈਂਸ ਗਵਰਨੈਂਸ ਐਕਟ ਤਹਿਤ ਕੇਂਦਰ ਅਤੇ ਸੂਬਾ ਸਰਕਾਰਾਂ ਵਿਚਾਲੇ ਖਰਚੇ ਦੀ ਵੰਡ ਦੀ ਧਾਰਾ ਦਾ ਜਿ਼ਕਰ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੂਬਿਆਂ ਉਤੇ ਵਾਧੂ ਖਰਚਿਆਂ ਦਾ ਬੋਝ ਪਵੇਗਾ ਅਤੇ ਇਸ ਨੂੰ ਬਿਨਾਂ ਸਲਾਹ-ਮਸ਼ਵਰੇ ਦੇ ਲਿਆ ਗਿਆ ਇਕ ਪਾਸੜ ਫੈਸਲਾ ਕਰਾਰ ਦਿਤਾ । ਉਨ੍ਹਾਂ ਕਿਹਾ ਕਿ ਇਹ ਕਾਨੂੰਨ ਗਰੀਬਾਂ ਨੂੰ ਕੁਚਲਣ ਲਈ ਲਿਆਂਦਾ ਗਿਆ ਹੈ । ਅਸੀਂ ਇਸ ਦੇ ਵਿਰੁਧ ਸੜਕਾਂ ਅਤੇ ਸੰਸਦ ’ਚ ਲੜਾਂਗੇ ।
Read More : ਐੱਸ. ਆਈ. ਆਰ. ਕਾਰਨ ਗਈ 16 ਬੀ. ਐੱਲ. ਓਜ਼ ਦੀ ਜਾਨ : ਰਾਹੁਲ ਗਾਂਧੀ









