ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ: ਵਿਜੀਲੈਂਸ ਬਿਊਰੋ ਨੇ 10000 ਰੁਪਏ ਰਿਸ਼ਵਤ ਲੈਂਦਾ ਸਹਿਕਾਰੀ ਵਿਭਾਗ ਦਾ ਸੁਪਰਡੈਂਟ ਕੀਤਾ

0
86

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਆਪਣੀ ਮੁਹਿੰਮ ਦੌਰਾਨ ਮੰਗਲਵਾਰ ਨੂੰ ਐਸ.ਏ.ਐਸ. ਨਗਰ ਜ਼ਿਲ੍ਹੇ ਦੇ ਡੇਰਾਬੱਸੀ ਵਿਖੇ ਪੰਜਾਬ ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ (ਏ.ਆਰ.) ਦੇ ਦਫ਼ਤਰ ਵਿੱਚ ਤਾਇਨਾਤ ਸੁਪਰਡੈਂਟ ਗੁਰਆਜ਼ਾਦ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ।

ਦੱਸ ਦਈਏ ਕਿ ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ, ਡੇਰਾਬੱਸੀ ਦੇ ਪਿੰਡ ਛਛਰੋਲੀ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਸ਼ਿਕਾਇਤ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਨੇ 2012 ਵਿੱਚ ਰਾਣੀ ਮਾਜਰਾ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸੇਵਾ ਸਭਾ ਤੋਂ 2 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪਰ ਨੇਮਬੱਧ ਢੰਗ ਨਾਲ ਅਦਾਇਗੀਆਂ ਨਾ ਕਰ ਸਕਿਆ ਜਿਸ ਕਾਰਨ ਮੂਲ ਰਕਮ ਤੇ ਵਿਆਜ ਦਾ ਬਕਾਇਆ ਜਮ੍ਹਾਂ ਹੋ ਕੇ 3,16,632 ਰੁਪਏ ਹੋ ਗਿਆ। ਬਾਅਦ ਵਿੱਚ, ਸ਼ਿਕਾਇਤਕਰਤਾ ਨੇ ਇਸ ਸਾਲ 13 ਮਾਰਚ ਨੂੰ 4,14,500 ਰੁਪਏ ਦੀ ਸਾਰੀ ਬਕਾਇਆ ਰਕਮ ਦਾ ਭੁਗਤਾਨ ਕਰ ਕਰਕੇ ਸੁਸਾਇਟੀ ਤੋਂ ਬਣਦੀ ਕਲੀਅਰੈਂਸ ਵੀ ਲੈ ਲਈ ਸੀ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਇਸਦੇ ਬਾਵਜੂਦ ਵੀ ਉਕਤ ਮੁਲਜ਼ਮ ਉਸਨੂੰ ਸਹਾਇਕ ਰਜਿਸਟਰਾਰ ਤੋਂ ਜ਼ਰੂਰੀ ਪ੍ਰਵਾਨਗੀ ਲੈਣ ਅਤੇ ਜ਼ਮੀਨ ਨੂੰ ਆਡਰਹਿਣ ਤੋਂ ਫੱਕ ਕਰਾਉਣ ਲਈ 10,000 ਰੁਪਏ ਰਿਸ਼ਵਤ ਮੰਗ ਰਿਹਾ ਸੀ।
ਗੱਲਬਾਤ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੇ ਉੱਡਣ ਦਸਤੇ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਮੁਲਜ਼ਮ ਨੂੰ ਉਸਦੇ ਦਫ਼ਤਰ ਵਿੱਚ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 10000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਟੀਮ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਕੇਸ ਨਾਲ ਸਬੰਧਤ ਏ.ਆਰ. ਦੇ ਬਿਨਾਂ ਦਸਤਖਤ ਕੀਤੇ ਟਾਈਪ ਕੀਤੇ ਆਰਡਰ ਵੀ ਮੌਕੇ ਤੇ ਹੀ ਬਰਾਮਦ ਕੀਤੇ।
ਇਸ ਸਬੰਧ ਵਿੱਚ ਉਕਤ ਮਲਾਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਪੁਲਿਸ ਥਾਣਾ, ਫਲਾਇੰਗ ਸਕੁਐਡ-1, ਪੰਜਾਬ, ਐਸਏਐਸ ਨਗਰ ਵਿਖੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਅਤੇ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here