ਅਮਰੀਕਾ : ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਲਗਾਏ ਜਾ ਰਹੇ ਟੀਕੇ ਨੂੰ ਲੈ ਕੇ ਅਮਰੀਕੀ ਡਰੱਗ ਨਿਰਮਾਤਾ ਕੰਪਨੀ ਫਾਈਜ਼ਰ ਨੇ ਕਰੋਨਾ ਟੀਕੇ ਦੀ ਵਰਤੋਂ ਦੌਰਾਨ ਕਿਸੇ ਸਾਈਡ ਇਫੈਕਟ ਦੀ ਸੂਰਤ ਵਿੱਚ ਭਾਰਤ ਸਰਕਾਰ ਤੋਂ ਮੁਆਵਜ਼ੇ ਦੀ ਅਦਾਇਗੀ ਤੇ ਕਾਨੂੰਨੀ ਕਾਰਵਾਈ ਤੋਂ ਛੋਟ ਦੀ ਮੰਗ ਕੀਤੀ ਹੈ। ਕਾਨੂੰਨੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਫਾਈਜ਼ਰ ਤੇ ਭਾਰਤ ਸਰਕਾਰ ਦੇ ਸਿੰਗ ਫਸ ਗਏ ਹਨ। ਇਸ ਪੂਰੇ ਮਾਮਲੇ ਤੋਂ ਜਾਣੂ ਦੋ ਸੂਤਰਾਂ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਕਿ ਫਾਈਜ਼ਰ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਉਹ ਵਿਸ਼ਵ ਦੀ ਸਭ ਤੋਂ ਵੱਡੀ ਮਾਰਕੀਟਾਂ ’ਚੋਂ ਇਕ (ਭਾਰਤ) ਵਿੱਚ ਕੋਵਿਡ-19 ਵੈਕਸੀਨ ਦੀ ਵਰਤੋਂ ਦੌਰਾਨ ਹੋਣ ਵਾਲੇ ਕਿਸੇ ਵੀ ਸਾਈਡ ਇਫੈਕਟ/ਦਾਅਵੇ ਦੀ ਭਰਪਾਈ ਤੋਂ ਕਾਨੂੰਨੀ ਸੁਰੱਖਿਆ ਪ੍ਰਦਾਨ ਕਰੇ। ਦੱਸਣਾ ਬਣਦਾ ਹੈ ਕਿ ਭਾਰਤ ਨੇ ਅਜੇ ਤੱਕ ਕਿਸੇ ਵੀ ਕੋਵਿਡ-19 ਵੈਕਸੀਨ ਨਿਰਮਾਤਾ ਨੂੰ ਮੁਆਵਜ਼ਾ ਅਦਾਇਗੀ ਤੋਂ ਛੋਟ ਨਹੀਂ ਦਿੱਤੀ। ਫਾਈਜ਼ਰ ਹਾਲਾਂਕਿ ਅਜਿਹੀ ਛੋਟ ਬਰਤਾਨੀਆ ਤੇ ਅਮਰੀਕਾ ਸਮੇਤ ਹੋਰ ਕਈ ਮੁਲਕਾਂ ਤੋਂ ਹਾਸਲ ਕਰ ਚੁੱਕਾ ਹੈ।
ਯਾਦ ਰਹੇ ਕਿ ਸਬੰਧਤ ਵੈਕਸੀਨ ਨਿਰਮਾਤਾ ਨੂੰ ਇਕ ਬੌਂਡ ਭਰਨਾ ਪੈਂਦਾ ਹੈ ਤੇ ਜੇਕਰ ਇਹ ਬੌਂਡ ਨਹੀਂ ਭਰਿਆ ਜਾਂਦਾ ਤਾਂ ਕਿਸੇ ਵੀ ਸਾਈਡ ਇਫੈਕਟ ਦੀ ਸਥਿਤੀ ’ਚ ਕੰਪਨੀ ਨਹੀਂ ਬਲਕਿ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ। ਭਾਰਤ ਸਰਕਾਰ ਦੇ ਇੱਕ ਸੂਤਰ ਨੇ ਏਜੰਸੀ ਨੂੰ ਦੱਸਿਆ, ‘ਸਾਰੀ ਸਮੱਸਿਆ ਇਹ ਹੈ ਕਿ ਫਾਈਜ਼ਰ ਸੁਰੱਖਿਆ ਬੌਂਡ ਚਾਹੁੰਦਾ ਹੈ। ਅਸੀਂ ਇਸ ’ਤੇ ਦਸਤਖ਼ਤ ਕਿਉਂ ਕਰੀਏ?’ ਉਨ੍ਹਾਂ ਕਿਹਾ, ‘ਜੇਕਰ ਕੁਝ ਹੋ ਜਾਂਦਾ ਹੈ, ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਅਸੀਂ ਕੰਪਨੀ ਨੂੰ ਸਵਾਲ ਕਰਨ ਦੀ ਸਥਿਤੀ ’ਚ ਨਹੀਂ ਰਹਿ ਜਾਵਾਂਗੇ। ਜੇਕਰ ਕੋਈ ਅਦਾਲਤ ’ਚ ਇਸ ਗੱਲ ਨੂੰ ਚੁਣੌਤੀ ਦਿੰਦਾ ਹੈ ਤਾਂ ਹਰ ਗੱਲ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ ਨਾ ਕਿ ਕੰਪਨੀ ਦੀ।’ ਫਾਈਜ਼ਰ ਤੇ ਭਾਰਤ ਦੇ ਸਿਹਤ ਮੰਤਰਾਲੇ ਨੇ ਇਸ ਮਸਲੇ ਬਾਰੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ। ਏਜੰਸੀ ਦੇ ਇੱਕ ਹੋਰ ਸੂਤਰ ਨੇ ਦੱਸਿਆ ਕਿ ਸੁਰੱਖਿਆ ਬੌਂਡ ਦੇ ਮਾਮਲੇ ’ਚ ਫਾਈਜ਼ਰ ਆਪਣੀ ਸਥਿਤੀ ਬਦਲਣ ਨੂੰ ਤਿਆਰ ਨਹੀਂ ਹੈ। ਉੱਧਰ ਭਾਰਤ ਸਰਕਾਰ ਨੇ ਪਿਛਲੇ ਮਹੀਨੇ ਕਰੋਨਾ ਦੇ ਟੀਕੇ ਬਣਾਉਣ ਵਾਲੀਆਂ ਵਿਦੇਸ਼ੀ ਕੰਪਨੀਆਂ ਫਾਈਜ਼ਰ, ਮੌਡਰਨਾ ਤੇ ਜੌਹਨਸਨ ਐਂਡ ਜੌਹਨਸਨ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਕੀਤਾ ਸੀ ਪਰ ਅਜੇ ਤੱਕ ਇਨ੍ਹਾਂ ’ਚੋਂ ਕਿਸੇ ਵੀ ਕੰਪਨੀ ਨੇ ਭਾਰਤੀ ਡਰੱਗ ਕੰਟਰੋਲਰ ਤੋਂ ਭਾਰਤ ’ਚ ਆਪਣੀ ਦਵਾਈ ਵੇਚਣ ਜਾਂ ਬਣਾਉਣ ਸਬੰਧੀ ਪ੍ਰਵਾਨਗੀ ਲੈਣ ਲਈ ਸੰਪਰਕ ਨਹੀਂ ਕੀਤਾ ਹੈ।
ਏਜੰਸੀ ਦੇ ਸੂਤਰ ਨੇ ਦੱਸਿਆ ਕਿ ਫਾਈਜ਼ਰ ਤੇ ਨਵੀਂ ਦਿੱਲੀ ਵਿਚਾਲੇ ਜਿਸ ਇੱਕ ਹੋਰ ਮੁੱਦੇ ’ਤੇ ਚਰਚਾ ਹੋਈ ਉਹ ਭਾਰਤ ਸਰਕਾਰ ਵੱਲੋਂ ਕਿਸੇ ਵੀ ਵੈਕਸੀਨ ਨੂੰ ਮਨਜ਼ੂਰੀ ਦੇਣ ਲਈ ਸਥਾਨਕ ਪੱਧਰ ’ਤੇ ਉਸ ਦਾ ਟਰਾਇਲ ਕਰਨ ਬਾਰੇ ਸੀ। ਭਾਰਤ ਵੱਲੋਂ ਸਥਾਨਕ ਪੱਧਰ ’ਤੇ ਟਰਾਇਲ ਕੀਤੇ ਜਾਣ ਸਬੰਧੀ ਜ਼ੋਰ ਪਾਏ ਜਾਣ ਮਗਰੋਂ ਫਾਈਜ਼ਰ ਨੇ ਆਪਣੀ ਵੈਕਸੀਨ ਦੀ ਹੰਗਾਮੀ ਵਰਤੋਂ ਸਬੰਧੀ ਅਰਜ਼ੀ ਵਾਪਸ ਲੈ ਲਈ ਸੀ। ਇੱਕ ਹੋਰ ਸੂਤਰ ਨੇ ਏਜੰਸੀ ਨੂੰ ਦੱਸਿਆ ਕਿ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਇਸ ਮਹੀਨੇ ਜਾਂ ਜੂਨ ਦੀ ਸ਼ੁਰੂਆਤ ’ਚ ਆਪਣੇ ਅਮਰੀਕਾ ਦੌਰੇ ਦੌਰਾਨ ਫਾਈਜ਼ਰ ਨਾਲ ਵਿਚਾਰ ਚਰਚਾ ਕਰਕੇ ਕਰੋਨਾ ਵੈਕਸੀਨ ਦੇ ਕੱਚੇ ਮਾਲ ਦੀ ਬਰਾਮਦ ਬਾਰੇ ਵਿਚਾਰ ਚਰਚਾ ਕਰਨਗੇ। ਹਾਲਾਂਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਸਬੰਧੀ ਕੋਈ ਪ੍ਰਤੀਕਿਿਰਆ ਨਹੀਂ ਦਿੱਤੀ ਹੈ।