ਵਾਸ਼ਿੰਗਟਨ: ਗਲੋਬਲ ਪੱਧਰ ‘ਤੇ ਕੋਰੋਨਾ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਇਸ ਵਾਇਰਸ ਦੀ ਉਤਪੱਤੀ ਬਾਰੇ ਪਤਾ ਲਗਾਉਣ ਲਈ ਵਿਗਿਆਨੀ ਦਿਨ-ਰਾਤ ਅਧਿਐਨ ਕਰ ਰਹੇ ਹਨ। ਕੋਰੋਨਾ ਚੀਨ ਦਾ ਮਨੁੱਖ ਵੱਲੋਂ ਤਿਆਰ ਕੀਤਾ ਗਿਆ ਵਾਇਰਸ ਹੋ ਸਕਦਾ ਹੈ। ਇਹ ਗੱਲ ਹੌਲੀ-ਹੌਲੀ ਪੁਖ਼ਤਾ ਹੁੰਦੀ ਜਾ ਰਹੀ ਹੈ। ਪਹਿਲਾਂ ਆਸਟ੍ਰੇਲੀਆਈ ਮੀਡੀਆ ਨੇ ਚੀਨ ਵਿਚ 2015 ਵਿਚ ਕੋਰੋਨਾ ‘ਤੇ ਅਧਿਐਨ ਹੋਣ ਦਾ ਦਾਅਵਾ ਕੀਤਾ ਸੀ। ਹੁਣ ਅਮਰੀਕੀ ਮੀਡੀਆ ਨੇ ਆਪਣੀ ਰਿਪੋਰਟ ਵਿਚ ਵਾਇਰਸ ਸੰਬੰਧੀ ਵੱਡਾ ਖੁਲਾਸਾ ਕੀਤਾ ਹੈ। ਅਮਰੀਕੀ ਅਖ਼ਬਾਰ ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਅਨੁਸਾਰ ਚੀਨ ਨੇ ਦੁਨੀਆ ਅਤੇ ਵਿਸ਼ਵ ਸਿਹਤ ਸੰਗਠਨ (WHO) ਤੋਂ ਬਹੁਤ ਸਾਰੀ ਜਾਣਕਾਰੀ ਲੁਕੋਈ ਹੈ।
ਖ਼ਬਰਾਂ ਅਨੁਸਾਰ ਚੀਨ ਨੇ ਡਬਲਊ.ਐੱਚ.ਓ. ਨੂੰ ਦੱਸਿਆ ਸੀ ਕਿ ਵੁਹਾਨ ‘ਚ ਕੋਰੋਨਾ ਦਾ ਪਹਿਲਾ ਕੇਸ 8 ਦਸੰਬਰ, 2019 ਨੂੰ ਮਿਲਿਆ ਸੀ। ਜਦਕਿ ਵਾਇਰਸ ਤੋਂ ਇਨਫੈਕਸ਼ਨ ਦਾ ਪਹਿਲਾ ਮਾਮਲਾ ਇਸ ਦੇ ਇਕ ਮਹੀਨਾ ਪਹਿਲਾਂ ਹੀ ਸਾਹਮਣੇ ਆ ਗਿਆ ਸੀ। ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੌਜੀ ਦੇ 3 ਖੋਜੀਆਂ ਨੂੰ ਨਵੰਬਰ 2019 ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਬੀਮਾਰੀ ਦੌਰਾਨ ਤਿੰਨ ਡਾਕਟਰਾਂ ਵਿਚ ਕੋਰੋਨਾ ਦੇ ਲੱਛਣ ਦੇਖੇ ਗਏ ਸਨ। ਇਸ ਦੌਰਾਨ ਵੁਹਾਨ ਦੀ ਲੈਬ ਤੋਂ ਵਾਇਰਸ ਦੇ ਲੀਕ ਹੋਣ ਦਾ ਸ਼ੱਕ ਵੱਧ ਗਿਆ ਹੈ।