ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ 2024 ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਕੇਂਦਰ ਦੀ ਸੱਤਾ ਤੋਂ ਬਾਹਰ ਕਰਨਾ ਉਨ੍ਹਾਂ ਦੀ “ਆਖਰੀ ਲੜਾਈ” ਹੋਵੇਗੀ। ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਬੈਨਰਜੀ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣਾ ਹੋਵੇਗਾ। ਕੇਂਦਰ ਵਿੱਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਦਿੱਲੀ ਦੀ ਲੜਾਈ ਮੇਰੀ ਆਖਰੀ ਲੜਾਈ ਹੋਵੇਗੀ। ਮੈਂ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਵਾਅਦਾ ਕਰਦੀ ਹਾਂ।
ਮਮਤਾ ਬੈਨਰਜੀ ਨੇ ਆਪਣੇ ਸੰਬੋਧਨ ‘ਚ ਅੱਗੇ ਕਿਹਾ ਕਿ ਭਾਜਪਾ ਨੂੰ ਕਿਸੇ ਵੀ ਕੀਮਤ ‘ਤੇ ਹਰਾਉਣਾ ਪਵੇਗਾ। ਬੈਨਰਜੀ ਨੇ ਕਿਹਾ ਕਿ ਪੱਛਮੀ ਬੰਗਾਲ ਨੂੰ ਬਚਾਉਣਾ ਸਾਡੀ ਪਹਿਲੀ ਲੜਾਈ ਹੈ। ਮੈਂ ਵਾਅਦਾ ਕਰਦੀ ਹਾਂ ਕਿ ਅਸੀਂ 2024 ਵਿੱਚ ਭਾਜਪਾ ਨੂੰ ਕੇਂਦਰ ਦੀ ਸੱਤਾ ਤੋਂ ਹਟਾ ਦੇਵਾਂਗੇ। ਜੇਕਰ ਤੁਸੀਂ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਅਸੀਂ ਜਵਾਬ ਦੇਵਾਂਗੇ।
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ 1984 ਵਿੱਚ 400 ਤੋਂ ਵੱਧ ਸੀਟਾਂ ਜਿੱਤਣ ਦੇ ਬਾਵਜੂਦ 1989 ਵਿੱਚ ਹੋਈ ਹਾਰ ਦਾ ਜ਼ਿਕਰ ਕਰਦਿਆਂ ਬੈਨਰਜੀ ਨੇ ਕਿਹਾ ਕਿ ਹਰ ਕਿਸੇ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇੰਦਰਾ ਗਾਂਧੀ ਇੱਕ ਦਿੱਗਜ ਨੇਤਾ ਸੀ, ਪਰ ਉਨ੍ਹਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਜਪਾ ਕੋਲ 300 ਦੇ ਕਰੀਬ ਸੰਸਦ ਮੈਂਬਰ ਹਨ, ਪਰ ਬਿਹਾਰ ਉਸ ਦੇ ਹੱਥੋਂ ਚਲਾ ਗਿਆ ਹੈ ਅਤੇ ਇਸੇ ਤਰ੍ਹਾਂ ਕੁਝ ਹੋਰ ਸੂਬੇ ਵੀ ਉਨ੍ਹਾਂ ਦੇ ਹੱਥੋਂ ਚਲੇ ਜਾਣਗੇ।
ਉੱਥੇ ਹੀ ਦੂਜੇ ਪਾਸੇ ਮਮਤਾ ਬੈਨਰਜੀ ਦੇ ਇਸ “ਆਖਰੀ ਲੜਾਈ” ਵਾਲੇ ਬਿਆਨ ਉੱਤੇ ਭਾਜਪਾ ਇਹ ਕਹਿ ਰਹੀ ਹੈ ਕਿ ਮਮਤਾ ਬੈਨਰਜੀ ਸ਼ਾਇਦ 2024 ਦੀਆਂ ਚੋਣਾਂ ਤੋਂ ਬਾਅਦ ਰਿਟਾਇਰ ਹੋ ਜਾਣਗੇ। ਇੱਥੇ, ਭਾਜਪਾ ਮੁੱਖ ਮੰਤਰੀ ਬੈਨਰਜੀ ਦੀ ‘ਆਖਰੀ ਲੜਾਈ’ ਵਾਲੀ ਟਿੱਪਣੀ ਨੂੰ ਲੈ ਕੇ ਹੈਰਾਨ ਹਨ ਕਿ ਕੀ ਉਹ ਲੋਕ ਸਭਾ ਚੋਣਾਂ ਤੋਂ ਬਾਅਦ ਸੰਨਿਆਸ ਲੈ ਲਵੇਗੀ ਜਾਂ ਨਹੀਂ। ਭਾਜਪਾ ਦੇ ਬੁਲਾਰੇ ਸ਼ਮੀਕ ਭੱਟਾਚਾਰੀਆ ਨੇ ਕਿਹਾ, “ਮਮਤਾ ਬੈਨਰਜੀ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸੰਨਿਆਸ ਲੈ ਲਵੇਗੀ।”