BJP ਸੰਸਦ ਮੈਂਬਰ ਨੇ ਰਾਜ ਸਭਾ ‘ਚ ਚੁੱਕੀ ਮੰਗ, 2000 ਰੁਪਏ ਦੇ ਨੋਟ ਕੀਤੇ ਜਾਣ ਬੰਦ

0
15

ਭਾਰਤੀ ਜਨਤਾ ਪਾਰਟੀ ਦੇ ਇਕ ਮੈਂਬਰ ਨੇ ਸੋਮਵਾਰ ਨੂੰ ਰਾਜ ਸਭਾ ‘ਚ ਦਾਅਵਾ ਕੀਤਾ ਕਿ 2000 ਰੁਪਏ ਦੇ ਨੋਟਾਂ ਦੀ ਵੱਡੇ ਪੱਧਰ ‘ਤੇ ਅਪਰਾਧਿਕ ਗਤੀਵਿਧੀਆਂ ਅਤੇ ਗੈਰ-ਕਾਨੂੰਨੀ ਵਪਾਰ ‘ਚ ਵਰਤੋਂ ਹੋ ਰਹੀ ਹੈ, ਇਸ ਲਈ ਸਰਕਾਰ ਨੂੰ ਇਸ ਦੀ ਵਰਤੋਂ ਨੂੰ ਪੜਾਅਵਾਰ ਤਰੀਕੇ ਨਾਲ ਬੰਦ ਕਰਨਾ ਚਾਹੀਦਾ ਹੈ। ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਭਾਜਪਾ ਦੇ ਸੁਸ਼ੀਲ ਕੁਮਾਰ ਮੋਦੀ ਨੇ ਉਪਰਲੇ ਸਦਨ ਵਿਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਇਆ।

ਉਹਨਾਂ ਕਿਹਾ, “ਬਾਜ਼ਾਰ ਵਿਚ ਗੁਲਾਬੀ ਰੰਗ ਦੇ 2,000 ਰੁਪਏ ਦੇ ਨੋਟਾਂ ਦਾ ਦਿਖਣਾ ਬਹੁਤ ਘੱਟ ਹੋ ਗਿਆ ਹੈ। ਏਟੀਐਮ ਤੋਂ ਵੀ ਨਹੀਂ ਨਿਕਲ ਰਿਹਾ ਅਤੇ ਇਹ ਅਫਵਾਹ ਹੈ ਕਿ ਇਹ ਹੁਣ ਵੈਦ ਨਹੀਂ ਰਿਹਾ”। ਉਹਨਾਂ ਨੇ ਸਰਕਾਰ ਤੋਂ ਇਸ ਸਬੰਧੀ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 8 ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ। ਇਸ ਤਹਿਤ 500 ਅਤੇ 1000 ਰੁਪਏ ਦੇ ਨੋਟਾਂ ਨੂੰ ਗੈਰ-ਕਾਨੂੰਨੀ ਕਰਾਰ ਦੇ ਕੇ ਚਲਣ ਤੋਂ ਬਾਹਰ ਕਰ ਦਿੱਤਾ ਗਿਆ ਸੀ। ਕੁਝ ਦਿਨਾਂ ਬਾਅਦ ਸਰਕਾਰ ਨੇ ਉਹਨਾਂ ਦੀ ਥਾਂ ‘ਤੇ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕਰ ਦਿੱਤੇ।

ਭਾਜਪਾ ਦੇ ਮੈਂਬਰ ਮੋਦੀ ਨੇ ਦਾਅਵਾ ਕੀਤਾ ਕਿ ਪਿਛਲੇ ਤਿੰਨ ਸਾਲਾਂ ਤੋਂ ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਹੈ ਅਤੇ ਵੱਡੀ ਗਿਣਤੀ ਵਿਚ 2000 ਰੁਪਏ ਦੇ ਨਕਲੀ ਨੋਟ ਫੜੇ ਜਾ ਰਹੇ ਹਨ। ਉਹਨਾਂ ਕਿਹਾ, “ਲੋਕਾਂ ਨੇ ਵੱਡੇ ਪੱਧਰ ‘ਤੇ 2,000 ਰੁਪਏ ਦੇ ਨੋਟ ਜਮ੍ਹਾ ਕਰ ਲਏ ਹਨ। ਇਸ ਦੀ ਵਰਤੋਂ ਗੈਰ-ਕਾਨੂੰਨੀ ਧੰਦੇ ਵਿਚ ਹੀ ਹੋ ਰਹੀ ਹੈ। ਕੁਝ ਥਾਵਾਂ ‘ਤੇ ਇਹ ਕਾਲੇ ਰੰਗ ਵਿਚ ਵੀ ਪਾਏ ਜਾ ਰਹੇ ਹਨ ਅਤੇ ਪ੍ਰੀਮੀਅਮ ‘ਤੇ ਵੇਚੇ ਜਾ ਰਹੇ ਹਨ।”

ਉਹਨਾਂ ਕਿਹਾ ਕਿ ਇਹਨਾਂ ਨੋਟਾਂ ਦੀ ਵਰਤੋਂ ਨਸ਼ੀਲੇ ਪਦਾਰਥਾਂ, ਮਨੀ ਲਾਂਡਰਿੰਗ ਅਤੇ ਅੱਤਵਾਦ ਨੂੰ ਵਿੱਤੀ ਸਹਾਇਤਾ ਸਮੇਤ ਕਈ ਅਪਰਾਧਾਂ ਵਿਚ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ। ਮੋਦੀ ਨੇ ਕਿਹਾ ਕਿ ਦੁਨੀਆ ਦੀਆਂ ਸਾਰੀਆਂ ਆਧੁਨਿਕ ਅਰਥਵਿਵਸਥਾਵਾਂ ‘ਚ ਵੱਡੇ ਨੋਟਾਂ ਦਾ ਪ੍ਰਚਲਨ ਰੁਕ ਗਿਆ ਹੈ। ਉਹਨਾਂ ਕਿਹਾ ਕਿ ਅਮਰੀਕਾ ਵਿਚ ਵੱਧ ਤੋਂ ਵੱਧ 100 ਡਾਲਰ ਹੈ ਅਤੇ ਇੱਥੇ 1,000 ਡਾਲਰ ਦੇ ਨੋਟ ਵੀ ਨਹੀਂ ਹਨ। ਉਹਨਾਂ ਕਿਹਾ ਕਿ ਚੀਨ, ਕੈਨੇਡਾ, ਆਸਟ੍ਰੇਲੀਆ ਅਤੇ ਯੂਰਪੀਅਨ ਯੂਨੀਅਨ ਵਿਚ ਵੀ ਨੋਟਾਂ ਦੀ ਵੱਧ ਤੋਂ ਵੱਧ ਕੀਮਤ ਸਿਰਫ 200 ਤੱਕ ਹੈ।

ਬਿਹਾਰ ਦੇ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਸਿਰਫ ਪਾਕਿਸਤਾਨ ਅਤੇ ਸ਼੍ਰੀਲੰਕਾ ਵਰਗੇ ਦੇਸ਼ਾਂ ਵਿਚ 5,000 ਰੁਪਏ ਦੇ ਨੋਟ ਹਨ ਜਦਕਿ ਇੰਡੋਨੇਸ਼ੀਆ ਵਿਚ 1 ਲੱਖ ਰੁਪਏ ਤੱਕ ਦੇ ਨੋਟ ਹਨ। ਉਹਨਾਂ ਕਿਹਾ, “ਭਾਰਤ ਵਿਚ ਸਰਕਾਰ ਡਿਜੀਟਲ ਲੈਣ-ਦੇਣ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ। ਇਸ ਲਈ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ 2,000 ਰੁਪਏ ਦੇ ਨੋਟਾਂ ਨੂੰ ਹੌਲੀ-ਹੌਲੀ ਬੰਦ ਕੀਤਾ ਜਾਵੇ।” ਉਹਨਾਂ ਕਿਹਾ ਜੇਕਰ ਕਾਲੇ ਧਨ ‘ਤੇ ਪਾਬੰਦੀ ਲਗਾਉਣੀ ਹੈ ਤਾਂ 2,000 ਦੇ ਨੋਟ ‘ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।”

LEAVE A REPLY

Please enter your comment!
Please enter your name here