ਬਿਹਾਰ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸਾਰਣ ਜ਼ਿਲ੍ਹੇ ਵਿਚ ਸੜਕ ਕਿਨਾਰੇ ਭੋਜ ਖਾ ਰਹੇ ਲੋਕਾਂ ਨੂੰ ਇਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਕੁਚਲ ਦਿੱਤਾ। ਘਟਨਾ ’ਚ ਇੱਕ ਵਿਅਕਤੀ ਨੇ ਮੌਕੇ ’ਤੇ ਦਮ ਤੋੜ ਦਿੱਤਾ, ਜਦਕਿ 18 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਸਾਰੇ ਜ਼ਖ਼ਮੀਆਂ ਨੂੰ ਹਫੜਾ-ਦਫੜੀ ’ਚ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ ਕੁਝ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਸੜਕ ਕਿਨਾਰੇ ਲੋਕ ਸ਼ਰਾਧ ਪ੍ਰੋਗਰਾਮ ਦਾ ਭੋਜ ਖਾ ਰਹੇ ਸਨ।
ਇਹ ਵੀ ਪੜ੍ਹੋ: ਕੈਨੇਡਾ ਗਏ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ ‘ਚ ਹੋਈ ਮੌਤ
ਇਸ ਦੌਰਾਨ ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਕੁਚਲਦੇ ਹੋਏ ਇੱਕ ਦੁਕਾਨ ਨੂੰ ਤੋੜਦੀ ਹੋਈ ਬਸਤੀ ’ਚ ਦਾਖ਼ਲ ਹੋ ਗਈ। ਹਾਦਸੇ ਮਗਰੋਂ ਘਟਨਾ ਵਾਲੀ ਥਾਂ ’ਤੇ ਲੋਕਾਂ ਦਾ ਚੀਕ-ਚਿਹਾੜਾ ਮਚ ਗਿਆ। ਕੁਝ ਦੇਰ ਤੱਕ ਉੱਥੇ ਹਫ਼ੜਾ-ਦਫੜੀ ਦਾ ਮਾਹੌਲ ਰਿਹਾ। ਹਾਦਸੇ ’ਚ ਮਾਰੇ ਗਏ ਸ਼ਖ਼ਸ ਦੀ ਪਛਾਣ ਸਿਵਾਨ ਦਾ ਬਾਜਿਤਪੁਰ ਵਾਸੀ ਸੁਦਰਸ਼ਨ ਪ੍ਰਸਾਦ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਆਪਣੇ ਰਿਸ਼ਤੇਦਾਰਾਂ ਦੇ ਇੱਥੇ ਸ਼ਰਾਧ ਪ੍ਰੋਗਰਾਮ ’ਚ ਆਇਆ ਸੀ। ਉੱਥੇ ਹੀ ਘਟਨਾ ਮਗਰੋਂ ਗੁੱਸੇ ’ਚ ਆਏ ਲੋਕਾਂ ਨੇ ਮੁੱਖ ਸੜਕ ਜਾਮ ਕਰ ਕੇ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: ਗੁਜਰਾਤ ‘ਚ ਡਿਊਟੀ ‘ਤੇ ਤਾਇਨਾਤ ਜਵਾਨਾਂ ਵਿਚਾਲੇ AK 47 ਨਾਲ ਫਾਈਰਿੰਗ, ਦੋ ਜਵਾਨਾਂ ਦੀ…
ਓਧਰ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਕਾਰ ਨੂੰ ਆਪਣੇ ਕਬਜ਼ੇ ’ਚ ਲੈ ਕੇ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਹੈ। ਇਸ ਦੌਰਾਨ ਪੁਲਿਸ ਨੂੰ ਪਿੰਡ ਵਾਸੀਆਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਵਾਸੀਆਂ ਮੁਤਾਬਕ ਕਾਰ ਡਰਾਈਵਰ ਨਸ਼ੇ ’ਚ ਸੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਸ਼ੀ ਕਾਰ ਡਰਾਈਵਰ ਤੋਂ ਘਟਨਾ ਬਾਰੇ ਪੁੱਛ-ਗਿੱਛ ਜਾਰੀ ਹੈ।